ਲੁਧਿਆਣਾ , 24 ਸਤੰਬਰ 2024 (ਓਜ਼ੀ ਨਿਊਜ਼ ਡੈਸਕ) : ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਪਰਿਵਾਰਾਂ ਦੀ E-KYC ਕਰਵਾਈ ਜਾ ਰਹੀ ਹੈ ਤਾਂ ਜੋ ਕੁਝ ਡਿਪੂ ਹੋਲਡਰਾਂ ਵੱਲੋਂ ਕੀਤੀ ਜਾ ਰਹੀ ਕਣਕ ਦੀ ਚੋਰੀ ਤੇ ਕਾਲਾਬਾਜ਼ਾਰੀ ਜਿਹੇ ਗੋਰਖਧੰਦਿਆਂ ਨੂੰ ਨੱਥ ਪਾਈ ਜਾ ਸਕੇ, ਇਸ ਲਈ ਪੰਜਾਬ ਦੇ ਹਰ ਰਾਸ਼ਨ ਡਿਪੂ ‘ਤੇ ਯੋਜਨਾ ਨਾਲ ਜੁੜੇ ਪਰਿਵਾਰਾਂ ਦੇ ਅੰਗੂਠੇ ਦੇ ਨਿਸ਼ਾਨ ਫਿੰਗਰਪ੍ਰਿੰਟ ਆਦਿ ਦੀ ਈ.ਪੋਸ਼ ਮਸ਼ੀਨਾਂ ਵਿਚ ਰਿਕਾਰਡ ਕੀਤੇ ਜਾ ਰਹੇ ਹਨ।
ਪਰ ਇਸ ਦੌਰਾਨ ਈ ਪੋਸ਼ ਮਸ਼ੀਨਾਂ ਵਿਚ ਜਿੰਨ੍ਹਾਂ ਬੱਚਿਆਂ ਤੇ ਬਜ਼ੁਰਗਾਂ ਦੇ ਫਿੰਗਰਪ੍ਰਿੰਟ ਮੈਚ ਨਹੀਂ ਹੋ ਰਹੇ ਹਨ, ਉਨ੍ਹਾਂ ਸਾਰੇ ਪਰਿਵਾਰਾਂ ਦੀ ਟੈਂਸ਼ਨ ਅਚਾਨਕ ਵੱਧ ਗਈ ਹੈ। ਅਜਿਹੇ ਵਿਚ ਉਕਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਣਕ ਨਾ ਮਿਲਣ ਦਾ ਡਰ ਸਤਾਉਣ ਲੱਗ ਪਿਆ ਹੈ ਤੇ ਉਹ ਪਰਿਵਾਰ ਇੱਧਰ-ਉੱਧਰ ਭਟਕਣ ਨੂੰ ਮਜਬੂਰ ਦਿਖਾਈ ਦੇ ਰਹੇ ਹਨ। ਪੰਜਾਬ ਭਰ ਦੇ ਤਕਰੀਬਨ ਸਾਰੇ ਰਾਸ਼ਨ ਡਿਪੂਆਂ ‘ਤੇ E-KYC ਕਰਵਾਉਣ ਵਾਲੇ ਲਾਭਪਾਤਰੀ ਪਰਿਵਾਰਾਂ ਦੀ ਭੀੜ ਲੱਗੀ ਹੋਈ ਹੈ, ਤਾਂ ਜੋ ਉਹ ਨਿਰਧਾਰਤ ਸਮੇਂ ਵਿਚ ਆਪਣੇ ਪਰਿਵਾਰਕ ਮੈਂਬਰਾਂ ਦੀ ਵੈਰੀਫਿਕੇਸ਼ਨ ਕਰਵਾ ਸਕਣ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਣਕ ਦਾ ਫ਼ਾਇਦਾ ਬਿਨਾ ਕਿਸੇ ਪਰੇਸ਼ਾਨੀ ਦੇ ਲਗਾਤਾਰ ਮਿਲਦਾ ਰਹੇ।
ਡਿਪੂ ਹੋਲਡਰ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਕਣਕ ਦਾ ਲਾਭ ਨਾ ਦੇਣ ‘ਤੇ ਬੇਵਸੀ ਦਾ ਪ੍ਰਗਟਾਵਾ ਕਰ ਰਹੇ ਹਨ, ਜਿਨ੍ਹਾਂ ਦੇ ਬੱਚਿਆਂ ਅਤੇ ਬਜ਼ੁਰਗਾਂ ਦੇ ਅੰਗੂਠੇ ਦੇ ਨਿਸ਼ਾਨ ਉਨ੍ਹਾਂ ਦੀ ਪਛਾਣ ਨਾਲ ਮੇਲ ਨਹੀਂ ਖਾਂਦੇ। ਇਸ ਦੌਰਾਨ ਡਿਪੂ ਹੋਲਡਰਾਂ ਵੱਲੋਂ ਉਕਤ ਪਰਿਵਾਰਾਂ ਨੂੰ ਹੋਰ ਰਾਸ਼ਨ ਡਿਪੂਆਂ ‘ਤੇ ਜਾ ਕੇ ਈ-ਪੌਸ਼ ਮਸ਼ੀਨਾਂ ‘ਚ ਫਿੰਗਰਪ੍ਰਿੰਟ ਮੈਚ ਕਰਨ ਅਤੇ ਆਧਾਰ ਕਾਰਡ ਅੱਪਡੇਟ ਕਰਵਾਉਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਸਬੰਧਤ ਰਾਸ਼ਨ ਕਾਰਡ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਰਾਸ਼ਨ ਕਾਰਡਾਂ ਤੋਂ ਕੱਟਣ ਤੋਂ ਬੱਚ ਜਾਣ।