ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਦੇਸ਼ ਦੇ ਉੱਤਰ-ਪੂਰਬ ’ਚ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਰਾਤ ਭਰ ਮਾਰੇ ਛਾਪਿਆਂ ਦੌਰਾਨ ਗੋਲੀਬਾਰੀ ’ਚ ਚਾਰ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫੌਜ ਨੇ ਅੱਜ ਇਹ ਜਾਣਕਾਰੀ ਦਿੱਤੀ। ਫੌਜ ਨੇ ਇੱਕ ਬਿਆਨ ’ਚ ਕਿਹਾ ਕਿ ਸੁਰੱਖਿਆ ਬਲਾਂ ਨੇ ਖ਼ੁਫੀਆ ਜਾਣਕਾਰੀ ਦੇ ਆਧਾਰ ’ਤੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਖਿਸੂਰ ਇਲਾਕੇ ’ਚ ਇੱਕ ਅਪਰੇਸ਼ਨ ਚਲਾਇਆ ਜਿਸ ਦੌਰਾਨ ਦਹਿਸ਼ਤਗਰਦਾਂ ਨਾਲ ਮੁਕਾਬਲਾ ਹੋਇਆ। ਬਿਆਨ ਮੁਤਾਬਕ ਸੈਨਿਕਾਂ ਨੇ ਦਹਿਸ਼ਤਗਰਦਾਂ ਦੇ ਟਿਕਾਣੇ ਤੋਂ ਹਥਿਆਰ ਤੇ ਗੋਲਾ ਬਾਰੂਦ ਜ਼ਬਤ ਕੀਤਾ ਹੈ। ਫੌਜ ਨੇ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ’ਚ ਲੋੜੀਂਦੇ ਅਤਿਵਾਦੀ ਕਮਾਂਡਰਾਂ ’ਚੋਂ ਇੱਕ ਇਬਰਾਹਿਮ ਵੀ ਸ਼ਾਮਲ ਹੈ, ਜਿਹੜਾ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ’ਤੇ ਹਮਲੇ ’ਚ ਸ਼ਾਮਲ ਸੀ। ਬਿਆਨ ’ਚ ਕਿਹਾ ਗਿਆ ਕਿ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀਆਂ ਲੁਕਣਗਾਹਾਂ ਨੂੰ ਖਤਮ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਫੌਜ ਵੱਲੋਂ ਮੁਹਿੰਮ ਚਲਾਏ ਜਾਣ ਤੋਂ ਪਹਿਲਾਂ ਉੱਤਰੀ ਵਜ਼ੀਰਿਸਤਾਨ ਕਈ ਦਹਾਕਿਆਂ ਤੋਂ ਦਹਿਸ਼ਤਗਰਦਾਂ ਲਈ ਸੁਰੱਖਿਆ ਪਨਾਹ ਬਣਿਆ ਹੋਇਆ ਸੀ।