ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਪੈਸੇ ਦਾ ਲੈਣ-ਦੇਣ ਕਰਨ ਵਾਲੇ ਇਕ ਵਿਅਕਤੀ ਦਾ ਬਿਆਨ ਦਰਜ ਕੀਤਾ ਹੈ, ਜਿਸ ਨੇ ਦੋਸ਼ ਲਾਇਆ ਹੈ ਕਿ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਹੁਣ ਤੱਕ 508 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕੇ ਹਨ। ਈਡੀ ਨੇ ਕਿਹਾ ਕਿ ‘ਇਹ ਜਾਂਚ ਦਾ ਵਿਸ਼ਾ ਹੈ।’ ਏਜੰਸੀ ਚੋਣਾਂ ਵਾਲੇ ਰਾਜ ਛੱਤੀਸਗੜ੍ਹ ਵਿਚ ਪੈਸੇ ਦਾ ਲੈਣ-ਦੇਣ ਕਰਨ ਵਾਲੇ ਅਸੀਮ ਦਾਸ ਕੋਲੋਂ 5.39 ਕਰੋੜ ਰੁਪਏ ਬਰਾਮਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਈਡੀ ਇਸ ਸੱਟੇਬਾਜ਼ੀ ਐਪ ਤੇ ਇਸ ਦੇ ਪ੍ਰਮੋਟਰਾਂ ਵਿਰੁੱਧ ਮਨੀ ਲਾਂਡਰਿੰਗ ਕਾਨੂੰਨਾਂ ਤਹਤਿ ਜਾਂਚ ਕਰ ਰਹੀ ਹੈ। ਏਜੰਸੀ ਨੇ ਕਿਹਾ, ‘ਅਸੀਮ ਦਾਸ ਤੋਂ ਪੁੱਛਗਿੱਛ, ਉਸ ਤੋਂ ਬਰਾਮਦ ਫੋਨ ਦੀ ਫੋਰੈਂਸਿਕ ਜਾਂਚ ਤੇ ਸ਼ੁਭਮ ਸੋਨੀ (ਮਹਾਦੇਵ ਨੈੱਟਵਰਕ ਦੇ ਮੁੱਖ ਮੁਲਜ਼ਮਾਂ ਵਿਚੋਂ ਇਕ) ਵੱਲੋਂ ਭੇਜੀ ਗਈ ਈਮੇਲ ਦੀ ਪੜਤਾਲ ’ਚ ਕਈ ਖੁਲਾਸੇ ਹੋਏ ਹਨ। ਉਨ੍ਹਾਂ ਕਿਹਾ ਕਿ ‘ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਅਤੀਤ ਵਿਚ ਨਿਯਮਤਿ ਤੌਰ ਉਤੇ ਐਪ ਦੇ ਪ੍ਰਮੋਟਰ ਭੁਗਤਾਨ ਕਰਦੇ ਰਹੇ ਹਨ।’