ਸ੍ਰੀ ਜਗਨਨਾਥ ਮੰਦਿਰ ਪ੍ਰਸ਼ਾਸਨ ਨੇ ਮੰਦਿਰ ਵਿੱਚ ਦਾਖ਼ਲ ਹੋਣ ਵਾਲੇ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਜ਼ਮੀ ਕਰ ਦਿੱਤਾ ਹੈ। ਬਾਰ੍ਹਵੀਂ ਸਦੀ ਪੁਰਾਣੇ ਮੰਦਿਰ ਨੇ ਅੱਜ ਨਵੇਂ ਸਾਲ ਤੋਂ ਮੰਦਰ ਅਹਾਤੇ ਵਿਚ ਗੁਟਖਾ ਤੇ ਪਾਨ ਖਾਣ ਅਤੇ ਪਲਾਸਟਿਕ ਤੇ ਪੌਲੀਥੀਨ ਦੀ ਵਰਤੋਂ ’ਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਨਵੇਂ ਸਾਲ ਦੇ ਪਹਿਲੇ ਦਿਨ 1.80 ਲੱਖ ਤੋਂ ਵੱਧ ਸ਼ਰਧਾਲੂ ਮੰਦਿਰ ਵਿਚ ਨਤਮਸਤਕ ਹੋਏ। ਮੰਦਿਰ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਮੰਦਿਰ ’ਚ ਦਾਖਲ ਹੋਣ ਮੌਕੇ ‘ਸੱਭਿਅਕ ਕੱਪੜੇ’ ਪਾਉਣੇ ਹੋਣਗੇ। ਸ਼ਰਧਾਲੂਆਂ ਨੂੰ ਹਾਫ਼ ਪੈਂਟ, ਸ਼ਾਰਟਸ, ਫਟੀਆਂ ਜੀਨਾਂ, ਸਕਰਟਾਂ ਤੇ ਬਿਨਾਂ ਬਾਜੂ ਡਰੈੱਸਾਂ ਪਾ ਕੇ ਮੰਦਿਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਨੇਮ ਫੌਰੀ ਲਾਗੂ ਹੋਣ ਮਗਰੋਂ ਨਵੇਂ ਸਾਲ ਦੇ ਪਹਿਲੇ ਦਿਨ ਅੱਜ ਪੁਰਸ਼ ਸ਼ਰਧਾਲੂ ਧੋਤੀ ਤੇ ਤੌਲੀਏ ਵਿਚ ਨਜ਼ਰ ਆਏ ਜਦੋਂਕਿ ਭਗਵਾਨ ਜਗਨਨਾਥ ਦੇ ਦਰਸ਼ਨਾਂ ਲਈ ਆਈਆਂ ਮਹਿਲਾ ਸ਼ਰਧਾਲੂਆਂ ਨੇ ਸਾੜ੍ਹੀਆਂ ਤੇ ਸਲਵਾਰ ਕਮੀਜ਼ਾਂ ਪਾਈਆਂ ਹੋਈਆਂ ਸਨ।