ਬਰਨਾਲਾ,19 ਅਗਸਤ(ਰਾਕੇਸ਼ ਗੋਇਲ):- ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਵੱਲੋਂ ਜਿਲ੍ਹਾ ਬਰਨਾਲਾ ਦੇ ਅਧਿਆਪਕਾਂ ਦੀ ਸਾਂਝੀ ਕਾਵਿ ਪੁਸਤਕ “ਸੋਨ ਸਰਘੀਆਂ” ਦੇ ਸ਼ਾਇਰ ਅਧਿਆਪਕਾਂ ਨਾਲ ਦਫਤਰ ਦੇ ਮੀਟਿੰਗ ਹਾਲ ‘ਚ ਸਾਹਿਤਕ ਮਿਲਣੀ ਕੀਤੀ ਗਈ।ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਸਾਹਿਤਕਾਰ ਬਾਕੀਆਂ ਨਾਲੋਂ ਇਸ ਲਈ ਹੀ ਵੱਖਰਾ ਹੁੰਦਾ ਹੈ ਕਿ ਉਹ ਸਮਾਜ ਦੇ ਹਰ ਵਰਤਾਰੇ ਨੂੰ ਬਾਰੀਕੀ ਨਾਲ ਸਮਝਦਾ ਅਤੇ ਪਰਖਦਾ ਹੈ।ਸਮਝੇ ਅਤੇ ਪਰਖੇ ਵਰਤਾਰੇ ਬਾਰੇ ਉਸ ਦੇ ਮਨ੍ਹ ਦੇ ਭਾਵ ਕਾਗਜ਼ ਦੀ ਹਿੱਕ ‘ਤੇ ਆ ਕੇ ਰਚਨਾ ਦਾ ਰੂਪ ਧਾਰਦੇ ਹਨ।ਜਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਾਹਿਤਕ ਰੁਚੀਆਂ ਵਾਲੇ ਅਧਿਆਪਕਾਂ ਦਾ ਲਾਇਬ੍ਰੇਰੀ ਅਤੇ ਪੁਸਤਕਾਂ ਨਾਲ ਵੀ ਖਾਸ ਲਗਾਅ ਹੁੰਦਾ ਹੈ।ਸਾਹਿਤਕਾਰ ਅਧਿਆਪਕ ਦੇ ਵਿਦਿਆਰਥੀ ਵੀ ਆਪਣੇ ਅਧਿਆਪਕ ਵਾਂਗ ਸਮਾਜ ਦੇ ਵਰਤਾਰਿਆਂ ਨੂੰ ਸਮਝਣ ਅਤੇ ਪਰਖਣ ਦੇ ਸਮਰੱਥ ਬਣ ਕੇ ਬਿਹਤਰੀਨ ਨਾਗਰਿਕ ਬਣਦੇ ਹਨ।ਉਹਨਾਂ ਸਾਂਝੇ ਰੂਪ ਵਿੱਚ ਪੁਸਤਕ ਪ੍ਰਕਾਸ਼ਿਤ ਕਰਵਾਉਣ ਵਾਲੇ ਸਮੂਹ ਸ਼ਾਇਰ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਵੀ ਇਹ ਗਤੀਵਿਧੀਆਂ ਜਾਰੀ ਰੱਖਣ ਦੀ ਅਪੀਲ ਕੀਤੀ।ਉਹਨਾਂ ਮਿਲਣੀ ‘ਚ ਸ਼ਾਮਿਲ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਨ੍ਹਾਂ ਵਿੱਚ ਲਾਇਬ੍ਰੇਰੀ ਨਾਲ ਜੁੜਨ ਲਈ ਉਤਸ਼ਾਹ ਪੈਦਾ ਕਰਨ ਲਈ ਵੀ ਕਿਹਾ।
ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਨੇ ਅਧਿਆਪਕਾਂ ਵੱਲੋਂ ਕੀਤੇ ਸਾਂਝੇ ਕਾਵਿ ਪੁਸਤਕ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੁਸਤਕ ‘ਚ ਸ਼ਾਮਿਲ ਸਾਰੇ ਹੀ ਅਧਿਆਪਕਾਂ ਦੀਆਂ ਕਾਵਿ ਰਚਨਾਵਾਂ ਕਾਬਲੇ ਤਾਰੀਫ਼ ਹਨ।ਕਵਿਤਾਵਾਂ ‘ਚ ਸਮਾਜ ਦੀਆਂ ਤਲਖ ਹਕੀਕਤਾਂ ਅਤੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਦਾ ਬਾਖੂਬੀ ਵਰਣਨ ਕੀਤਾ ਗਿਆ ਹੈ।ਸਿੱਖਿਆ ਅਧਿਕਾਰੀਆਂ ਨੇ ਪ੍ਰਕਾਸ਼ਕ ਵੱਲੋਂ ਭੇਜੇ ਪ੍ਰਸੰਸਾ ਪੱਤਰ ਵੀ ਅਧਿਆਪਕਾਂ ਨੂੰ ਸੌਂਪੇ।ਇਸ ਮੌਕੇ ਸ਼ਾਮਿਲ ਅਧਿਆਪਕਾਂ ਵੱਲੋਂ ਆਪੋ ਆਪਣੀ ਸ਼ਾਇਰੀ ਦੀ ਪੇਸ਼ਕਾਰੀ ਜਰੀਏ ਖੂਬ ਰੰਗ ਬੰਨਿਆ ਗਿਆ।