ਟੀਮ ’ਚ ਸ਼ਾਮਲ 18 ਭਲਵਾਨਾਂ ’ਚੋਂ 17 ਹਰਿਆਣਾ ਤੇ ਇੱਕ ਪੰਜਾਬ ਨਾਲ ਸਬੰਧਤ
ਨਵੀਂ ਦਿੱਲੀ, 24 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਰਾਸ਼ਟਰਮੰਡਲ ਚੈਂਪੀਅਨ ਦੀਪਕ ਪੂਨੀਆ, ਅਮਨ ਸਹਿਰਾਵਤ ਅਤੇ ਪੰਜਾਬ ਦੇ ਨਰਿੰਦਰ ਚੀਮਾ ਨੇ ਅੱਜ ਇੱਥੇ ਟਰਾਇਲਾਂ ’ਚ ਵਿੱਚ ਜਿੱਤ ਹਾਸਲ ਕਰਦਿਆਂ ਏਸ਼ਿਆਈ ਖੇਡਾਂ ਲਈ ਟਿਕਟ ਕਟਵਾ ਲਈ ਹੈ, ਜਦਕਿ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਦਹੀਆ ਟਰਾਇਲਾਂ ਦੌਰਾਨ ਉਹ 57 ਕਿੱਲੋ ਭਾਰ ਵਰਗ ’ਚ ਅਤੀਸ਼ ਟੋਡਕਰ ਤੋਂ ਹਾਰ ਕੇ ਇਸ ਦੌੜ ਵਿੱਚੋਂ ਬਾਹਰ ਹੋ ਗਿਆ।ਇੰਦਰਾ ਗਾਂਧੀ ਸਟੇਡੀਅਮ ’ਚ ਦੋ ਦਿਨ ਹੋਏ ਟਰਾਇਲਾਂ ਦੌਰਾਨ ਚੁਣੇ ਗਏ 18 ਪਹਿਲਵਾਨਾਂ ਵਿਚੋਂ 17 ਹਰਿਆਣਾ ਦੇ ਹਨ ਜਦਕਿ ਇੱਕ ਪਹਿਲਵਾਨ ਪੰਜਾਬ ਦਾ ਹੈ।ਏਸ਼ਿਆਈ ਚੈਂਪੀਅਨ ਅਮਨ ਸਹਿਰਾਵਤ ਨੇ ਰਾਹੁਲ ਅਵਾਰੇ ਨੂੰ 9-6 ਨਾਲ ਹਰਾਉਣ ਮਗਰੋਂ ਅੰਕਿਤ ਅਤੇ ਸ਼ੁਭਮ ਖ਼ਿਲਾਫ਼ ਤਕਨੀਕੀ ਆਧਾਰ ’ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਵਿਸ਼ਾਲ ਕਾਲੀਰਮਨ ਨੇ 65 ਕਿੱਲੋ ਭਾਰ ਵਰਗ ਦਾ ਟਰਾਇਲ ਜਿੱਤਿਆ ਅਤੇ ਇਸ ਵਰਗ ’ਚ ਭਾਰਤ ਦੀ ਨੁਮਾਇੰਦਗੀ ਲਈ ਆਪਣਾ ਹੱਕ ਹਾਸਲ ਕਰਨ ਲਈ ਪੂਰਾ ਜ਼ੋਰ ਲਾਉਣ ਦੀ ਗੱਲ ਆਖੀ।