ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਵਿਸ਼ਵ ਦੇ ਸਭ ਤੋਂ ਵੱਡੇ ਚਿੰਤਨ ਕੇਂਦਰ ‘ਸਵਰਵੇਦ ਮਹਾਮੰਦਰ’ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਨੇ ਗੁਲਾਮ ਮਾਨਸਿਕਤਾ ਤੋਂ ਆਜ਼ਾਦੀ ਦਾ ਐਲਾਨ ਕੀਤਾ ਹੈ ਅਤੇ ਉਹ ਆਪਣੀ ਵਿਰਾਸਤ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਮੋਦੀ ਨੇ ਕਿਹਾ, ‘‘ਗੁਲਾਮੀ ਦੇ ਦੌਰ ਵਿੱਚ ਭਾਰਤ ਨੂੰ ਕਮਜ਼ੋਰ ਬਣਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਅੱਤਿਆਚਾਰੀਆਂ ਨੇ ਸਭ ਤੋਂ ਪਹਿਲਾ ਸਾਡੇ ਸੱਭਿਆਚਾਰਕ ਚਿੰਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ। ਆਜ਼ਾਦੀ ਮਗਰੋਂ ਇਨ੍ਹਾਂ ਸੱਭਿਆਚਾਰਕ ਪ੍ਰਤੀਕਾਂ ਦਾ ਪੁਨਰ-ਨਿਰਮਾਣ ਜ਼ਰੂਰੀ ਸੀ।’’
ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ‘ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਵਿਰੋਧ ਹੋਇਆ ਅਤੇ ਇਹ ਪ੍ਰਕਿਰਿਆ ਦਹਾਕਿਆਂ ਤੱਕ ਜਾਰੀ ਰਹੀ। ਇਸ ਦਾ ਨਤੀਜਾ ਇਹ ਹੋਇਆ ਕਿ ਦੇਸ਼ ਹੀਣ-ਭਾਵਨਾ ਦਾ ਸ਼ਿਕਾਰ ਹੋ ਗਿਆ ਅਤੇ ਆਪਣੀ ਵਿਰਾਸਤ ’ਤੇ ਮਾਣ ਕਰਨਾ ਭੁੱਲ ਗਿਆ।’
ਪ੍ਰਧਾਨ ਮੰਤਰੀ ਨੇ ਕਿਹਾ, ‘‘ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਅੱਜ ਸਮੇਂ ਦਾ ਪਹੀਆ ਇੱਕ ਵਾਰ ਫਿਰ ਘੁੰਮਿਆ ਹੈ। ਦੇਸ਼ ਹੁਣ ‘ਗੁਲਾਮ ਮਾਨਸਿਕਤਾ ਤੋਂ ਆਜ਼ਾਦੀ’ ਅਤੇ ਆਪਣੀ ‘ਵਿਰਾਸਤ ’ਤੇ ਮਾਣ’ ਦਾ ਐਲਾਨ ਕਰ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਜੋ ਕੰਮ ਸੋਮਨਾਥ ਤੋਂ ਸ਼ੁਰੂ ਹੋਇਆ ਸੀ ਉਹ ਹੁਣ ਇੱਕ ਮੁਹਿੰਮ ਬਣ ਗਿਆ ਹੈ। ਅੱਜ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਦੀ ਮਹਾਨਤਾ ਭਾਰਤ ਦੀ ਅਵਿਨਾਸ਼ੀ ਮਹਿਮਾ ਦੀ ਗਾਥਾ ਗਾ ਰਹੀ ਹੈ।’’ ਮੋਦੀ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਹੈ, ਜੋ ਸਦੀਆਂ ਤੱਕ ਵਿਸ਼ਵ ਲਈ ਆਰਥਿਕ ਖੁਸ਼ਹਾਲੀ ਅਤੇ ਭੌਤਿਕ ਵਿਕਾਸ ਦੀ ਉਦਾਹਰਨ ਰਿਹਾ ਹੈ ਅਤੇ ਹੁਣ ਸਰਕਾਰ, ਸਮਾਜ ਅਤੇ ਸੰਤ ਕਾਸ਼ੀ ਦੀ ਕਾਇਆਕਲਪ ਲਈ ਮਿਲ ਕੇ ਕੰਮ ਕਰ ਰਹੇ ਹਨ। ਸਵਰਵੇਦ ਮਹਾਮੰਦਰ ਦੇ ਉਦਘਾਟਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮਿਲ ਕੇ ਕੇਂਦਰ ਦਾ ਦੌਰਾ ਕੀਤਾ, ਜਿੱਥੇ 20,000 ਲੋਕ ਇੱਕੋ ਸਮੇਂ ਯੋਗ ਕਰ ਸਕਦੇ ਹਨ। ਮੰਦਰ ਦੀ ਇਮਾਰਤ ਸੱਤ ਮੰਜ਼ਿਲਾ ਹੈ ਅਤੇ ਇਸ ਦੀਆਂ ਕੰਧਾਂ ’ਤੇ ਸਵਰਵੇਦ ਦੀਆਂ ਤੁਕਾਂ ਉਕਰੀਆਂ ਹੋਈਆਂ ਹਨ।