ਜਲੰਧਰ, 27 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅੰਦਰੂਨੀ ਚਰਚਾ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਚੋਣਾਂ 2024 ਦੇ ਸ਼ੁਰੂ ਵਿੱਚ ਪ੍ਰਸਤਾਵਿਤ ਹਨ। ਭਾਵੇਂ ਕੌਮੀ ਪੱਧਰ ’ਤੇ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਗਠਜੋੜ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਮਝੌਤਾ ਹੋਣ ਦੀਆਂ ਗੱਲਾਂ ਚੱਲ ਰਹੀਆਂ ਹਨ ਪਰ ਅਜੇ ਤੱਕ ਕਿਸੇ ਵੀ ਸੀਨੀਅਰ ਆਗੂ ਨੇ ਇਸ ਸੰਭਾਵੀ ਗਠਜੋੜ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਨਹੀਂ ਪ੍ਰਗਟਾਏ ਹਨ। ਕਾਂਗਰਸੀ ਆਗੂ ਇਸ ਗਠਜੋੜ ਦਾ ਵਿਰੋਧ ਕਰ ਰਹੇ ਹਨ।
ਜਿੱਥੇ ਇੱਕ ਪਾਸੇ ਮੁੱਖ ਮੰਤਰੀ ਦਫ਼ਤਰੀ ਕੰਮਾਂ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਉਹ ਅੰਦਰੂਨੀ ਤੌਰ ’ਤੇ ਸੰਭਾਵਿਤ ਮਜ਼ਬੂਤ ਉਮੀਦਵਾਰਾਂ ਬਾਰੇ ਵਿਚਾਰ ਕਰ ਕੇ ਉਨ੍ਹਾਂ ਦੀਆਂ ਸੂਚੀਆਂ ਤਿਆਰ ਕਰ ਰਹੇ ਹਨ। ਇਹ ਤਾਂ ਤੈਅ ਹੈ ਕਿ ਜਲੰਧਰ ਲੋਕ ਸਭਾ ਸੀਟ ’ਤੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇਗਾ। ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਤੋਂ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਿੰਕੂ ਨੂੰ ਆਮ ਆਦਮੀ ਪਾਰਟੀ ਵਿਚ ਲਿਆਂਦਾ ਅਤੇ ਉਨ੍ਹਾਂ ਦਾ ਇਹ ਤਜਰਬਾ ਸਫ਼ਲ ਵੀ ਰਿਹਾ। ਹੁਣ ਵੀ ਮੁੱਖ ਮੰਤਰੀ ਦੇਖ ਰਹੇ ਹਨ ਕਿ ਹੋਰ ਪਾਰਟੀਆਂ ਦੇ ਕਿਹੜੇ-ਕਿਹੜੇ ਮਜ਼ਬੂਤ ਉਮੀਦਵਾਰ ਹਨ, ਜਿਨ੍ਹਾਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਉਮੀਦਵਾਰਾਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਲਈ ਯਤਨ ਕੀਤੇ ਜਾਣਗੇ।
ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ ਅਤੇ ਇਨ੍ਹਾਂ ਸੀਟਾਂ ਬਾਰੇ ਅੰਤਿਮ ਫ਼ੈਸਲਾ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੀ ਲਿਆ ਜਾਵੇਗਾ। ‘ਆਪ’ ਦੇ ਸੀਨੀਅਰ ਆਗੂ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰੇ, ਤਾਂ ਜੋ ਪਾਰਟੀ ਦੇ ਉਮੀਦਵਾਰਾਂ ਨੂੰ ਕੰਮ ਕਰਨ ਦਾ ਚੰਗਾ ਮੌਕਾ ਮਿਲ ਸਕੇ।