ਨਵੀਂ ਦਿੱਲੀ, 20 ਫਰਵਰੀ
ਦਿੱਲੀ ਦੀ ਮਨੋਨੀਤ ਮੁੱਖ ਮੰਤਰੀ ਰੇਖਾ ਗੁਪਤਾ ਤੇ ਉਨ੍ਹਾਂ ਦੀ ਕੈਬਨਿਟ ਵਿਚਲੇ ਮੰਤਰੀ ਵੀਰਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਅਹੁਦੇ ਦਾ ਹਲਫ਼ ਲੈਣਗੇ। ਭਾਜਪਾ 26 ਸਾਲਾਂ ਦੇ ਵਕਫ਼ੇ ਮਗਰੋਂ ਦਿੱਲੀ ਦੀ ਸੱਤਾ ਵਿਚ ਵਾਪਸੀ ਕਰ ਰਹੀ ਹੈ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਗੁਪਤਾ ਤੋਂ ਇਲਾਵਾ ਛੇ ਨਵੇਂ ਚੁਣੇ ਵਿਧਾਇਕ ਪਰਵੇਸ਼ ਵਰਮਾ, ਆਸ਼ੀਸ਼ ਸੂਦ, ਪੰਕਜ ਸਿੰਘ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ ਤੇ ਰਵਿੰਦਰ ਇੰਦਰਾਜ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲੈਣਗੇ।
ਗੁਪਤਾ ਦੀ ਅਗਵਾਈ ਵਾਲੀ ਨਵੀਂ ਕੈਬਨਿਟ ਬਾਅਦ ਦੁਪਹਿਰ 3 ਵਜੇ ਦਿੱਲੀ ਸਕੱਤਰੇਤ ਵਿਚ ਆਪਣੀ ਪਲੇਠੀ ਬੈਠਕ ਕਰ ਸਕਦੀ ਹੈ। ਪਾਰਟੀ ਵਿਚਲੇ ਸੂਤਰਾਂ ਨੇ ਦਾਅਵਾ ਕੀਤਾ ਕਿ ਇਸ ਮੀਟਿੰਗ ਵਿਚ ਮਹਿਲਾ ਸਮ੍ਰਿਧੀ ਯੋਜਨਾ, ਜਿਸ ਤਹਿਤ ਮਹਿਲਾਵਾਂ ਨੂੰ ਮਾਸਿਕ 2500 ਰੁਪਏ ਦੀ ਅਦਾਇਗੀ ਕੀਤੀ ਜਾਵੇਗੀ, ਅਤੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਸਕੀਮ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਗੁਪਤਾ (50) ਨੂੰ ਲੰਘੇ ਦਿਨ ਭਾਜਪਾ ਵਿਧਾਇਕ ਦਲ ਦੀ ਬੈਠਕ ਵਿਚ ਦਿੱਲੀ ਦੀ ਨਵੀਂ ਬਣੀ 8ਵੀਂ ਅਸੈਂਬਲੀ ਲਈ ਸਦਨ ਦਾ ਆਗੂ ਚੁਣਿਆ ਗਿਆ ਹੈ। ਭਾਜਪਾ ਨੇ ਸ਼ਾਲੀਮਾਰ ਬਾਗ਼ ਤੋਂ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਹੈ। ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੈ।
ਰੇਖਾ ਗੁਪਤਾ ਨੇ ਬੁੱਧਵਾਰ ਸ਼ਾਮ ਨੂੰ ਰਾਜ ਨਿਵਾਸ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ, ਜਿਸ ਮਗਰੋਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਬੁੱਧਵਾਰ ਰਾਤ ਨੂੰ ਰਸਮੀ ਤੌਰ ’ਤੇ ਮਨੋਨੀਤ ਮੁੱਖ ਮੰਤਰੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਪ ਰਾਜਪਾਲ ਵੱਲੋਂ ਹਲਫ਼ ਦਿਵਾਉਣ ਮਗਰੋਂ ਗੁਪਤਾ ਦਿੱਲੀ ਦੇ 9ਵੇਂ ਮੁੱਖ ਮੰਤਰੀ ਬਣ ਜਾਣਗੇ।
ਭਾਜਪਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਇਕ ਦਹਾਕੇ ਦੇ ਕਾਰਜਕਾਲ ਦਾ ਭੋਗ ਪਾਉਂਦਿਆਂ 70 ਮੈਂਬਰੀ ਦਿੱਲੀ ਅਸੈਂਬਲੀ ਵਿਚ 48 ਸੀਟਾਂ ਜਿੱਤੀਆਂ ਸਨ। ਇਸ ਤੋਂ ਪਹਿਲਾਂ ਭਾਜਪਾ 1993-98 ਦੌਰਾਨ ਦਿੱਲੀ ਦੀ ਸੱਤਾ ’ਤੇ ਕਾਬਜ਼ ਰਹੀ ਸੀ।