ਚੰਡੀਗੜ੍ਹ ਪੁਲੀਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਆਪਣੀ ਅੰਤਿਮ ਰਿਪੋਰਟ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ। ਕੇਸ ਦਰਜ ਹੋਣ ਤੋਂ ਕਰੀਬ ਅੱਠ ਮਹੀਨੇ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ। ਪੁਲੀਸ ਨੇ ਇੱਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ। ਚੰਡੀਗੜ੍ਹ ਪੁਲੀਸ ਨੇ ਸੰਦੀਪ ਸਿੰਘ ਨੂੰ ਆਈਪੀਸੀ ਦੀ ਧਾਰਾ 342, 354, 354ਏ, 354ਬੀ, 506 ਅਤੇ 509 ਤਹਿਤ ਕੇਸ ਵਿੱਚ ਮੁਲਜ਼ਮ ਬਣਾਇਆ ਹੈ। ਹੁਣ ਚਲਾਨ ‘ਚ ਸ਼ਾਮਲ ਦੋਸ਼ਾਂ ‘ਤੇ ਬਹਿਸ ਸ਼ੁਰੂ ਹੋਵੇਗੀ, ਅਦਾਲਤ ਦੀ ਅਗਲੀ ਪੇਸ਼ੀ ‘ਤੇ ਸੰਦੀਪ ਸਿੰਘ ਦਾ ਪੇਸ਼ ਹੋਣਾ ਜ਼ਰੂਰੀ ਹੈ। ਮਹਿਲਾ ਕੋਚ ਜਿਸ ਨੇ ਮੰਤਰੀ ’ਤੇ ਸ਼ੋਸ਼ਣ ਦੇ ਦੋਸ਼ ਲਗਾਏ ਹਨ ਦੀ ਵਕੀਲ ਦੀਪਾਂਸ਼ੂ ਬਾਂਸਲ ਨੇ ਐਕਸ ‘ਤੇ ਲਿਖਿਆ ਹਾਲਾਂਕਿ ਸ਼ਿਕਾਇਤ ਦੇ ਅੱਠ ਮਹੀਨੇ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਪਰ ਹਾਲੇ ਵੀ ਇਸ ਵਿੱਚ ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਜ਼ਿਕਰ ਨਹੀਂ ਹੈ। ਮਹਿਲਾ ਕੋਚ ਨੂੰ 11 ਅਗਸਤ ਨੂੰ ਹਰਿਆਣਾ ਦੇ ਖੇਡ ਵਿਭਾਗ ਨੇ ਅਨੁਸ਼ਾਸਨੀ ਕਾਰਵਾਈ ਤਹਿਤ ਮੁਅੱਤਲ ਕਰ ਦਿੱਤਾ ਸੀ।