ਵਿਨਹੇਡੋ, 10 ਅਗਸਤ (ਓਜ਼ੀ ਨਿਊਜ਼ ਡੈਸਕ): ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ‘ਚ ਇਕ ਯਾਤਰੀ ਜਹਾਜ਼ ਦੇ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋਣ ਨਾਲ ਜਹਾਜ਼ ‘ਚ ਸਵਾਰ ਸਾਰੇ 61 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਸਾਓ ਪਾਓਲੋ ਸ਼ਹਿਰ ਤੋਂ ਲਗਭਗ 80 ਕਿਲੋਮੀਟਰ ਉੱਤਰ-ਪੱਛਮ ‘ਚ ਸਥਿਤ ਵਿਨਹੇਡੋ ‘ਚ ਜਹਾਜ਼ ਦੇ ਹਾਦਸਾਗ੍ਰਸਤ ਇਲਾਕੇ ਦੇ ਵਸਨੀਕਾਂ ‘ਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ।
ਏਅਰਲਾਈਨ ਵੋਏਪਾਸ ਨੇ ਦੱਸਿਆ ਕਿ ਹਾਦਸੇ ਵਿਚ ਸ਼ਾਮਲ ਜਹਾਜ਼ ਏਟੀਆਰ 72 ਦੋ ਇੰਜਣ ਵਾਲਾ ਟਰਬੋਪ੍ਰੋਪ ਸੀ, ਜੋ ਸਾਓ ਪਾਓਲੋ ਦੇ ਗੁਆਰੂਲਹੋਸ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ, ਜਿਸ ਵਿਚ ਹਾਦਸੇ ਦੇ ਸਮੇਂ ਚਾਲਕ ਦਲ ਦੇ 4 ਮੈਂਬਰਾਂ ਸਮੇਤ 57 ਯਾਤਰੀ ਸਵਾਰ ਸਨ। ਹਾਲਾਂਕਿ ਏਅਰਲਾਈਨ ਨੇ ਯਾਤਰੀਆਂ ਦੇ ਨਾਂ ਦੱਸਦੇ ਹੋਏ ਇਕ ਫਲਾਈਟ ਮੈਨੀਫੇਸਟ ਜਾਰੀ ਕੀਤਾ ਹੈ, ਪਰ ਇਸ ਵਿਚ ਉਨ੍ਹਾਂ ਦੀ ਨਾਗਰਿਕਤਾ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।