ਮੁੱਖ ਮੰਤਰੀ ਰਸੀਦਾਂ ਜਾਰੀ ਕਰ ਕੇ ਖ਼ੁਦ ਹੀ ਫਸੇ
ਚੰਡੀਗੜ੍ਹ, 5 ਜੁਲਾਈ ((ਪ੍ਰੈਸ ਕੀ ਤਾਕਤ ਬਿਊਰੋ ))-ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਦੂਸ਼ਣਬਾਜ਼ੀ ਕਰਨ ਤੇ ਬਿਆਨਬਾਜ਼ੀ ਦੀ ਦੌੜ ‘ਚ ਅੱਗੇ ਰਹਿਣ ਦੀ ਕਾਹਲੀ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਸਰਕਾਰ ਵਲੋਂ ਯੂ.ਪੀ. ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਤੇ ਭਤੀਜੇ ਉਮਰ ਅੰਸਾਰੀ ਨੂੰ ਵਕਫ਼ ਬੋਰਡ ਦੀ 19 ਏਕੜ ਜ਼ਮੀਨ ਪੱਟੇ ‘ਤੇ ਦੇਣ ਦਾ ਦੋਸ਼ ਲਗਾਉਂਦਿਆਂ ਇਸ ਮੰਤਵ ਲਈ ਜੋ ਰਸੀਦ ਤੇ ਸਰਕਾਰੀ ਰਜਿਸਟਰ ਦੀ ਜੋ ਫੋਟੋ ਕਾਪੀ ਜਾਰੀ ਕੀਤੀ ਗਈ ਸੀ, ਉਸ ‘ਚੋਂ ਸ਼ਾਇਦ ਉਹ ਇਹ ਵੇਖਣਾ ਭੁੱਲ ਹੀ ਗਏ ਕਿ ਉਨ੍ਹਾਂ ਦੀ ਆਪਣੀ ਸਰਕਾਰ ਵੀ ਪੱਟਾ ਅੱਗੇ ਵਧਾਉਣ ਅਤੇ ਨਵਿਆਉਣ ਲਈ ਵੀ ਦੋ ਸਾਲਾਂ ਦੀ ਫ਼ੀਸ ਲੈ ਚੁੱਕੀ ਹੈ | ਮੁੱਖ ਮੰਤਰੀ ਵਲੋਂ ਜਾਰੀ ਦਸਤਾਵੇਜ਼ਾਂ ‘ਚ ਦਰਜ ਹੈ ਕਿ ਪੱਟਾ ਅੱਗੇ ਵਧਾਉਣ ਲਈ 27 ਜੁਲਾਈ 2022 ਅਤੇ 7 ਫਰਵਰੀ 2023 ਨੂੰ ਇਹ ਵਕਫ਼ ਬੋਰਡ ਦੀ ਜ਼ਮੀਨ ਦਾ ਪੱਟਾ ਸਾਲ-ਸਾਲ ਲਈ ਅੱਗੇ ਵਧਾਇਆ ਗਿਆ ਅਤੇ 27 ਜੁਲਾਈ ਨੂੰ 81,100 ਰੁਪਏ ਤੇ 88,200 ਦੀ ਫੀਸ ਜਮ੍ਹਾਂ ਵੀ ਕੀਤੀ ਗਈ | ਇਸ ਤਰ੍ਹਾਂ 7 ਫਰਵਰੀ 2023 ਨੂੰ 89,500 ਤੇ 97,300 ਰੁਪਏ ਦੀ ਫੀਸ ਦੁਬਾਰਾ ਪੱਟਾ ਵਧਾਉਣ ਲਈ ਜਮ੍ਹਾਂ ਹੋਈ | ਵਿਰੋਧੀ ਧਿਰ ਵਲੋਂ ਹੁਣ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਜੇ ਅੰਸਾਰੀ ਦੀ ਨੇੜਤਾ ਕੈਪਟਨ ਅਮਰਿੰਦਰ ਸਿੰਘ ਨਾਲ ਸੀ ਤਾਂ ਭਗਵੰਤ ਮਾਨ ਨੇ ਇਹ ਜ਼ਮੀਨ ਦਾ ਪੱਟਾ ਦੋ ਸਾਲ ਲਈ ਕਿਉਂ ਤੇ ਕਿਸ ਦੇ ਕਹਿਣ ‘ਤੇ ਵਧਾਇਆ | ਮੁੱਖ ਮੰਤਰੀ ਉੱਠੇ ਇਸ ਵਿਵਾਦ ਨੂੰ ਲੈ ਕੇ ਕਸੂਤੇ ਫਸੇ ਹੋਏ ਹਨ | ਮੁੱਖ ਮੰਤਰੀ ਵਲੋਂ ਮੁਖ਼ਤਾਰ ਅੰਸਾਰੀ ਨੂੰ ਕੋਈ 2 ਸਾਲ ਪੰਜਾਬ ਦੀ ਜੇਲ੍ਹ ‘ਚ ਰੱਖਣ ਦੇ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੰਸਾਰੀ ਨਾਲ ਸੰਬੰਧ ਦਰਸਾਉਣ ਲਈ ਬੀਤੇ ਕੱਲ੍ਹ ਇਹ ਦੋਸ਼ ਲਗਾਏ ਸਨ ਕਿ ਸਾਬਕਾ ਮੁੱਖ ਮੰਤਰੀ ਨੇ ਅੰਸਾਰੀ ਦੇ ਬੇਟੇ ਤੇ ਭਤੀਜੇ ਨੂੰ 19 ਏਕੜ ਜ਼ਮੀਨ ਰੋਪੜ ਜ਼ਿਲ੍ਹੇ ‘ਚੋਂ ਵਕਫ਼ ਬੋਰਡ ਰਾਹੀਂ ਪੱਟੇ ‘ਤੇ ਦਿਵਾਈ ਸੀ ਅਤੇ ਆਪਣੇ ਦਾਅਵੇ ਦੇ ਹੱਕ ‘ਚ ਉਨ੍ਹਾਂ ਜ਼ਮੀਨ ਦੇ ਪੱਟੇ ਸੰਬੰਧੀ ਜਮ੍ਹਾਂ ਕਰਵਾਈ ਜਾ ਰਹੀ ਰਾਸ਼ੀ ਦਾ ਰਿਕਾਰਡ ਵੀ ਪੇਸ਼ ਕੀਤਾ ਸੀ, ਪਰ ਇਹ ਵੇਖਣ ਦੀ ਲੋੜ ਨਹੀਂ ਸਮਝੀ ਕਿ ਰਿਕਾਰਡ ‘ਚ ਕੈਪਟਨ ਸਰਕਾਰ ਇਕ ਵਾਰ ਅਤੇ ਭਗਵੰਤ ਮਾਨ ਦੀ ਸਰਕਾਰ ਨੇ ਖ਼ੁਦ ਦੋ ਸਾਲ ਲਈ ਇਹ ਜ਼ਮੀਨ ਦਾ ਪੱਟਾ ਵਧਾਇਆ ਹੈ |