* ਕਰਮਚਾਰੀਆਂ ਨੇ ਆਪਣੇ ਘਰਾਂ ਤੋਂ ਸਮੂਹਿਕ ਤੌਰ ‘ਤੇ ਯੋਗ ਕਰਕੇ ਵਿਸ਼ਵ ਵਿਆਪੀ ਏਕਤਾ ਦਾ ਪ੍ਰਗਟਾਵਾ ਕੀਤਾ-ਆਰਤੀ ਵਰਮਾ
ਪਟਿਆਲਾ, 21 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਡਾਕ ਵਿਭਾਗ ਨੇ ਅੱਜ ਵੈਬੇਕਸ ਰਾਹੀਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੋਸਟ ਪਟਿਆਲਾ ਮਿਸ ਆਰਤੀ ਵਰਮਾ ਨੇ ਦੱਸਿਆ ਕਿ 2015 ਤੋਂ, ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾ ਰਿਹਾ ਹੈ ਪਰੰਤੂ ਇਸ ਵਾਰ ਕੋਵਿਡ-19 ਕਰਕੇ ਵਿਸ਼ਾਲ ਇਕੱਠਾਂ ਅਤੇ ਆਵਾਜਾਈ ਸਬੰਧੀਂ ਲੱਗੀਆਂ ਪਾਬੰਦੀਆਂ ਹੋਈਆਂ ਹਨ, ਜਿਸ ਕਰਕੇ ਪਟਿਆਲਾ ਡਾਕ ਵਿਭਾਗ ਨੇ ਸਵੇਰੇ 7 ਵਜੇ ਤੋਂ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਅੰਤਰ-ਰਾਸ਼ਟਰੀ ਯੋਗਾ ਦਿਵਸ ਆਪਣੇ ਘਰਾਂ ਅੰਦਰ ਹੀ ਮਨਾਇਆ।
ਮਿਸ ਆਰਤੀ ਵਰਮਾ ਨੇ ਕਿਹਾ ਕਿ ਯੋਗ ਦੇ ਲਾਭਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾਂ ਅਤੇ ਲੋਕ ਹਿਤਾਂ ਦੇ ਮੱਦੇਨਜ਼ਰ ਆਯੂਸ਼ ਮੰਤਰਾਲਾ ਵੀ ਇਹ ਦਿਸ਼ਾ ਨਿਰਦੇਸ਼ ਦਿੰਦਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਜਰੀਏ ਯੋਗਾ ਪੋਰਟਲ ‘ਤੇ ਆਨਲਾਈਨ ਉਪਲਬਧ ਕਰਵਾਏ ਗਏ ਵੱਖ-ਵੱਖ ਸਰੋਤਾਂ ਰਾਹੀਂ ਲੋਕ ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਕੇ ਹੀ ਯੋਗ ਬਾਰੇ ਸਿੱਖਣ।
ਮਿਸ ਆਰਤੀ ਨੇ ਦੱਸਿਆ ਕਿ ਇਸ ਦੌਰਾਨ ਐਨ.ਆਈ.ਐਸ. ਪਟਿਆਲਾ ਤੋਂ ਯੋਗ ਗੁਰੂ ਡਾ. ਚੰਦਰ ਕਾਂਤ ਮਿਸ਼ਰਾ ਨੇ ਕਰਮਚਾਰੀਆਂ ਨਾਲ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜਿੰਦਗੀ ਵਿੱਚ ਯੋਗ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਯੋਗਾ ਪ੍ਰਤੀ ਉਤਸ਼ਾਹਤ ਕਰਨ ਸਮੇਤ ਕਰਮਚਾਰੀਆਂ ਨੇ ਅੱਜ ਆਪਣੇ ਘਰਾਂ ਤੋਂ ਸਮੂਹਿਕ ਤੌਰ ‘ਤੇ ਯੋਗ ਕਰਕੇ ਵਿਸ਼ਵ ਵਿਆਪੀ ਏਕਤਾ ਦਾ ਪ੍ਰਗਟਾਵਾ ਕੀਤਾ।