ਨਵੀਂ ਦਿੱਲੀ 22 ਸਤੰਬਰ (ਮਨਮੋਹਨ ਸਿੰਘ) ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਸਟਸ (ਨਿਫ਼ਾ) ਵੱਲੋਂ ਸਿਲਵਰ ਜੂਬਲੀ ਫਾਊਂਡੇਸ਼ਨ ਸਮਾਰੋਹ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਦੇ ਪਲੇਨਰੀ ਹਾਲ ਵਿੱਚ ਬੇਮਿਸਾਲ ਉਤਸ਼ਾਹ ਅਤੇ ਗਰਮਜੋਸ਼ੀ ਨਾਲ ਮਨਾਇਆ ਗਿਆ।
ਇਸ ਸਮਾਰੋਹ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਨਿਫ਼ਾ ਵੱਲੋਂ ਪਿਛਲੇ ਪੌਣੀ ਸਦੀ ਵਿੱਚ ਕਲਾ, ਸੱਭਿਆਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਗਏ ਬੇਮਿਸਾਲ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਕਾਲਕਾ ਨੇ ਕਿਹਾ ਕਿ “ਨਿਫ਼ਾ ਦਾ ਨਾਮ ਹੀ ਰਾਸ਼ਟਰੀ ਏਕਤਾ, ਅਖੰਡਤਾ ਅਤੇ ਸੱਭਿਆਚਾਰਕ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਪਿਛਲੇ 25 ਸਾਲਾਂ ਵਿੱਚ ਇਸ ਸੰਸਥਾ ਨੇ ਸਿਰਫ਼ ਕਲਾ ਅਤੇ ਸੱਭਿਆਚਾਰ ਦੇ ਪ੍ਰਚਾਰ ਲਈ ਹੀ ਨਹੀਂ, ਸਗੋਂ ਰਾਸ਼ਟਰ ਤੇ ਮਨੁੱਖਤਾ ਦੀ ਸੇਵਾ ਲਈ ਵੀ ਅਦਭੁੱਤ ਕੰਮ ਕੀਤਾ ਹੈ। ਸਮਾਜਕ ਸੰਸਥਾਵਾਂ ਅੱਜ ਦੇਸ਼ ਦੀਆਂ ਵੱਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਗਵਾਈ ਕਰ ਰਹੀਆਂ ਹਨ।”
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਹਾਲੀਆ ਕੁਦਰਤੀ ਆਫ਼ਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਹੜ੍ਹ ਨੇ ਭਿਆਨਕ ਤਬਾਹੀ ਮਚਾਈ, ਉਸ ਵੇਲੇ ਨਿਫ਼ਾ ਵਰਗੀਆਂ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਅੱਗੇ ਆ ਕੇ ਜਿੱਥੇ ਸਰਕਾਰਾਂ ਦੇ ਹੱਥ ਛੋਟੇ ਪਏ, ਉੱਥੇ ਆਪਣੀ ਮਿਸਾਲੀ ਸੇਵਾ ਰਾਹੀਂ ਲੋਕਾਂ ਨੂੰ ਸੰਭਾਲਿਆ।
ਇਸ ਵਿਸ਼ੇਸ਼ ਮੌਕੇ ‘ਤੇ ਸਰਦਾਰ ਪ੍ਰਿਤਪਾਲ ਸਿੰਘ ਪੰਨੂੰ ਅਤੇ ਚੜਦੀਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਵੀ ਸ਼ਾਮਲ ਹੋਏ !