-ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ 1 ਏਕੜ ਖੇਤ ‘ਚ ਪ੍ਰਦਰਸ਼ਨੀ ਪਲਾਟ ਸਕੀਮ ਰਾਹੀਂ ਪਰਾਲੀ ਜਮੀਨ ‘ਚ ਹੀ ਮਿਲਾਕੇ ਮੁਫ਼ਤ ‘ਚ ਕੀਤੀ ਜਾਵੇਗੀ ਕਣਕ ਦੀ ਬਿਜਾਈ
-ਪ੍ਰਦਰਸ਼ਨੀ ਪਲਾਟ ਤਹਿਤ 252 ਏਕੜ ਜਮੀਨ ‘ਚ ਕਣਕ ਦੀ ਬਿਜਾਈ ਮੁਫ਼ਤ ਕਰਵਾਈ ਜਾਵੇਗੀ-ਸਾਕਸ਼ੀ ਸਾਹਨੀ
-ਕਿਹਾ, ਸਹਿਕਾਰੀ ਸਭਾਵਾਂ ਦੀਆਂ 252 ਹੈਪੀ ਸੀਡਰ ਮਸ਼ੀਨਾਂ ਵਰਤੋਂ ‘ਚ ਲਿਆਂਦੀਆਂ ਜਾਣਗੀਆਂ
ਪਟਿਆਲਾ, 2 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ)
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਇੱਕ ਨਿਵੇਕਲਾ ਉਪਰਾਲਾ ਕਰਕੇ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ ਇੱਕ ਏਕੜ ਖੇਤ ‘ਚ ਪ੍ਰਦਰਸ਼ਨੀ ਪਲਾਟ ਸਕੀਮ ਤਹਿਤ ਕਣਕ ਦੀ ਬਿਜਾਈ ਸਹਿਕਾਰੀ ਸਭਾਵਾਂ ਦੇ ਹੈਪੀ ਸੀਡਰ ਨਾਲ ਮੁਫ਼ਤ ਕਰਕੇ ਦੇਣ ਦਾ ਫੈਸਲਾ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਹੀ ਮਿਲਾਕੇ ਇਸ ਨੂੰ ਅੱਗ ਨਾ ਲਗਾਉਣ ਲਈ ਲਗਾਤਾਰ ਉਤਸ਼ਾਹਤ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਕੋਲ 252 ਹੈਪੀ ਸੀਡਰ ਸਭਾਵਾਂ ਵਿਖੇ ਖੜ੍ਹੇ ਹਨ, ਇਨ੍ਹਾਂ ਮਸ਼ੀਨਾਂ ਦੀ ਸਦਵਰਤੋਂ ਕਰਕੇ ਇਨ੍ਹਾਂ ਰਾਹੀਂ ਢਾਈ ਏਕੜ ਤੋਂ ਘੱਟ ਜਮੀਨ ਦੀ ਮਾਲਕੀ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਇੱਕ ਏਕੜ ਜਮੀਨ ਵਿੱਚ ਪ੍ਰਦਰਸ਼ਨੀ ਪਲਾਟ ਵਜੋਂ ਆਪਣੇ ਖ਼ਰਚੇ ਉਪਰ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਇਸ ਨੂੰ ਜਮੀਨ ਵਿੱਚ ਹੀ ਮਿਲਾਕੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਵਾ ਕੇ ਦਿੱਤੀ ਜਾਵੇਗੀ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹਰੇਕ ਇਸ ਤਰ੍ਹਾਂ ਕਰੀਬ 252 ਏਕੜ ਜਮੀਨ ਵਿੱਚ ਪ੍ਰਦਰਸ਼ਨੀ ਪਲਾਟ ਵਾਲੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ ਸਗੋਂ ਇਸ ਨੂੰ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਜਮੀਨ ਵਿੱਚ ਹੀ ਮਿਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਸਹਿਕਾਰੀ ਸਭਾਵਾਂ ਦੀਆਂ 252 ਹੈਪੀ ਸੀਡਰ ਮਸ਼ੀਨਾਂ ਵੀ ਵਰਤੋਂ ‘ਚ ਆਉਣਗੀਆਂ ਤੇ ਇੱਕ ਮਸ਼ੀਨ ਨਾਲ ਇੱਕ ਏਕੜ ਜਮੀਨ ‘ਚ ਪ੍ਰਦਰਸ਼ਨੀ ਪਲਾਟ ਵਜੋਂ ਕਣਕ ਦੀ ਬਿਜਾਈ ਕੀਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਵਟਸਐਪਚੈਟਬੋਟ ਨੰਬਰ 7380016070 ਦਾ ਪੂਰਾ ਲਾਭ ਲੈਣ ਦੀ ਵੀ ਅਪੀਲ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਲੋੜ ਮੁਤਾਬਕ ਹੁਣ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫੇਸ ਸੀਡਰ ਮੁਹੱਈਆ ਕਰਵਾਏ ਜਾ ਰਹੇ ਹਨ।