ਵਾਰਾਣਸੀ,27ਮਾਰਚ(ਪ੍ਰੈਸ ਕੀ ਤਾਕਤ): ਕੱਲ੍ਹ ਭੋਜਪੁਰੀ ਫ਼ਿਲਮਾਂ ਦੀ ਅਦਾਕਾਰਾ ਆਕਾਂਕਸ਼ਾ ਦੂਬੇ ਦੀ ਲਾਸ਼ ਵਾਰਾਣਸੀ ਦੇ ਸਾਰਨਾਥ ਥਾਣਾ ਖੇਤਰ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਲਟਕਦੀ ਮਿਲੀ। ਅਕਾਂਕਸ਼ਾ ਭਦੋਹੀ ਜ਼ਿਲ੍ਹੇ ਦੇ ਚੌਰੀ ਥਾਣਾ ਖੇਤਰ ਅਧੀਨ ਪੈਂਦੇ ਪਾਰਸੀਪੁਰ ਦੀ ਰਹਿਣ ਵਾਲੀ ਸੀ। ਆਕਾਂਕਸ਼ਾ ਦੀ ਖੁਦਕੁਸ਼ੀ ਦੀ ਖਬਰ ਸੁਣ ਕੇ ਉਸ ਦੀ ਮਾਸੀ ਨੇ ਕਿਹਾ ਸੀ ਕਿ ਉਹ ਖੁਦਕੁਸ਼ੀ ਨਹੀਂ ਕਰ ਸਕਦੀ।
ਭੋਜਪੁਰੀ ਫਿਲਮ ਅਭਿਨੇਤਰੀ ਅਤੇ ਮਾਡਲ ਆਕਾਂਕਸ਼ਾ ਦੂਬੇ ਦੀ ਸ਼ੱਕੀ ਖੁਦਕੁਸ਼ੀ ਦੇ ਮਾਮਲੇ ‘ਚ ਅੱਜ ਵਾਰਾਣਸੀ ਪਹੁੰਚੀ ਉਸ ਦੀ ਮਾਂ ਮਧੂ ਦੂਬੇ ਨੇ ਭੋਜਪੁਰੀ ਗਾਇਕ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਅਕਾਂਕਸ਼ਾ ਦੂਬੇ ਦੀ ਮਾਂ ਮਧੂ ਦੂਬੇ ਅਨੁਸਾਰ ਸਮਰ ਸਿੰਘ ਅਤੇ ਸੰਜੇ ਸਿੰਘ ਨੇ ਤਿੰਨ ਸਾਲਾਂ ਤੋਂ ਆਕਾਂਕਸ਼ਾ ਤੋਂ ਕਰੋੜਾਂ ਰੁਪਏ ਦਾ ਕੰਮ ਕਰਵਾ ਕੇ ਉਸ ਤੋਂ ਪੈਸੇ ਰੋਕ ਲਏ ਸਨ। ਮਾਂ ਨੇ ਦੱਸਿਆ ਕਿ 21 ਤਰੀਕ ਨੂੰ ਸਮਰ ਸਿੰਘ ਦੇ ਭਰਾ ਸੰਜੇ ਸਿੰਘ ਨੇ ਅਕਾਂਕਸ਼ਾ ਦੂਬੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਬਾਰੇ ਅਕਾਂਕਸ਼ਾ ਦੂਬੇ ਨੇ ਖੁਦ ਉਸ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਸੀ।