ਭਿੱਖੀਵਿੰਡ, 04 ਅਗਸਤ (ਰਣਬੀਰ ਸਿੰਘ): ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ਵੱਲੋਂ ਅੱਜ ਨਵੇਂ ਅਕਾਦਮਿਕ ਸੈਸ਼ਨ 2021-2022 ਦਾ ਪਰਾਸਪੈਕਟਸ ਜਾਰੀ ਕੀਤਾ ਗਿਆ। ਇਸ ਮੌਕੇ ਤੇ ਕਾਲਜ ਸਟਾਫ ਵੱਲੋਂ ਕਾਲਜ ਦੀ ਤਰੱਕੀ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਵਰਣਨਯੋਗ ਹੈ ਕਿ 2011-2012 ਵਿੱਚ ਸ਼ੁਰੂ ਹੋਏ ਕਾਲਜ ਨੇ ਆਪਣੇ ਅਕਾਦਮਿਕ ਸਫਰ ਦਾ ਪਹਿਲਾ ਸ਼ਾਨਦਾਰ ਦਹਾਕਾ ਮੁਕੰਮਲ ਕੀਤਾ ਹੈ। ਇਸ ਦੌਰਾਨ ਕਾਲਜ ਨੇ ਅਕਾਦਮਿਕ ਅਤੇ ਸਹਿ ਅਕਾਦਮਿਕ ਖੇਤਰ ਵਿੱਚ ਨਿਵੇਕਲੀਆਂ ਮੱਲਾਂ ਮਾਰੀਆਂ ਹਨ। ਜਿਕਰਯੋਗ ਹੈ ਕਿ ਬੀਤੇ 10 ਸਾਲਾਂ ਵਿਚੋਂ 7 ਸਾਲ ਦੀ ਜ਼ੋਨਲ ਯੂਥ ਫੈਸਟੀਵਲ ਦੀ ਟਰਾਫੀ ਵੀ ਕਾਲਜ ਨੇ ਜਿੱਤੀ ਹੈ।ਜੀ.ਐਨ.ਡੀ.ਯੂ ਕਾਲਜ ਚੂੰਘ ਦੇ ਹੋਣਹਾਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਲਿਸਟ ਵਿੱਚ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕਿੰਦਰਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਰਤਮਾਨ ਸਮੇਂ ਦੇ ਹਾਣੀ ਬਣਾਉਣ ਲਈ ਕਾਲਜ ਸਟਾਫ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਉਨਾਂ ਨੇ ਦੱਸਿਆ ਕਿ ਕਾਲਜ ਵਿੱਚ ਬੀ.ਏ, ਬੀ.ਐੱਸ.ਸੀ(ਨਾਨ ਮੈਡੀਕਲ, ਕੰਪਿਊਟਰ ਸਾਇੰਸ, ਇਕਨਾਮਿਕਸ ), ਬੀ.ਕਾਮ,ਬੀ.ਸੀ.ਏ, ਡੀ.ਸੀ.ਏ, ਪੀ.ਜੀ.ਡੀ.ਸੀ.ਏ ਅਤੇ ਐੱਮ.ਏ (ਪੋਲੀਟੀਕਲ ਸਾਇੰਸ) ਦੇ ਕੋਰਸ ਚੱਲ ਰਹੇ ਹਨ। ਜਿਨਾਂ ਦੀ ਫੀਸ ਪ੍ਰਾਈਵੇਟ ਕਾਲਜਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਕਾਲਜ ਵਿੱਚ ਐੱਸ. ਸੀ/ ਐੱਸ.ਟੀ ਵਿਦਿਆਰਥੀਆਂ ਦੀ ਸਟੱਡੀ ਬਿਲਕੁੱਲ ਫ੍ਰੀ ਹੈ। ਇਸ ਤੋਂ ਇਲਾਵਾ ਘੱਟ ਗਿਣਤੀ ਵਰਗ ਤੇ ੳ.ਬੀ.ਸੀ ਵਰਗ ਲਈ ਵਜ਼ੀਫੇ ਵੀ ਉਪਲਬਧ ਹਨ।