ਐਸ.ਏ.ਐਸ. ਨਗਰ, 8 ਫਰਵਰੀ(ਪ੍ਰੈਸ ਕੀ ਤਾਕਤ ਬਿਊਰੋ )– ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਸਮਾਰਟ ਸਕੂਲਾਂ ਦੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲਗਭਗ 54% ਸਰਕਾਰੀ ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਨਹੀਂ ਹੈ, ਫ਼ੇਰ ਕਿਸ ਬੁਨਿਆਦ ਤੇ ਭਗਵੰਤ ਮਾਨ ਦੁਨੀਆਂ ਭਰ ਵਿੱਚ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਦੇ ਵੱਡੇ ਦਾਅਵੇ ਕਰ ਰਹੇ ਹਨ। ਸਿੱਧੂ ਨੇ ਕਿਹਾ ਟੈਕਨੋਲੋਜੀ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਬਿਨਾਂ ਰੁਕਾਵਟ ਇੰਟਰਨੇਟ ਸੁਵਿਧਾ ਅੱਜ ਦੀ ਮੰਗ ਹੈ, ਪਰ ਆਪ ਸਰਕਾਰ ਗ੍ਰਾਉੰਡ ਤੇ ਕੰਮ ਨਾਲੋਂ ਵਿਗਿਆਪਨਾਂ ਉਤੇ ਦਾਅਵੇ ਨੂੰ ਵੱਧ ਤਰਜੀਹ ਦੇਂਦੀ ਹੈ।
ਸਿੱਧੂ ਨੇ ਅੱਗੇ ਦੱਸਦਿਆਂ ਕਿਹਾ ਕਿ 27% ਸਮਾਰਟ ਸਕੂਲ ਵੀ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਹਨ ਜੋ ਕਿ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਪੇਸ਼ ਕੀਤੇ ਗਏ ਆਕੜੇ ਦੱਸਦੇ ਹਨ। ਕੇਂਦਰੀ ਸਿੱਖਿਆ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦੇ 19,259 ਸਰਕਾਰੀ ਸਕੂਲਾਂ ਵਿੱਚੋਂ ਸਿਰਫ਼ 9,013 ਕੋਲ ਹੀ ਇੰਟਰਨੈੱਟ ਹੈ। ਸਿੱਧੂ ਨੇ ਕਿਹਾ ਸਿਰਫ ਪ੍ਰੋਜੈਕਟਰ ਲਗਾਉਣ ਨਾਲ ਸਕੂਲ ਸਮਾਰਟ ਨਹੀਂ ਬਣਦੇ ਬਲਕਿ ਇਸਨੂੰ ਸਹੀ ਮਾਇਨੇ ਵਿੱਚ ਅਮਲੀਜਾਮਾ ਪਹਿਨਾਉਣ ਲਈ ਸਾਰੇ ਸਟਰਕਚਰ ਨੂੰ ਤਬਦੀਲ ਕਰਨਾ ਪੈਂਦਾ ਹੈ ਅਤੇ ਜਿਸ ਵਿੱਚ ਸਭ ਤੋਂ ਅਹਿਮ ਰੋਲ ਇੰਟਰਨੈਟ ਦਾ ਕੂਨਕਸ਼ਨ ਦਾ ਹੁੰਦਾ ਹੈ.
ਸਿੱਧੂ ਨੇ ਕਿਹਾ ਬਹੁਤ ਥਾਵਾਂ ਤੇ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਲਗਾਏ ਗਏ ਪ੍ਰੋਜੈਕਟਰ ਕੰਮ ਨਹੀਂ ਕਰਦੇ ਤੇ ਉਹ ਸਿਰਫ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਲਾਏ ਗਏ ਹਨ। ਸਾਰੇ ਸਕੂਲਾਂ ਵਿੱਚ ਇੰਟਰਨੈਟ ਕਨੈਕਸ਼ਨ ਦੀ ਲੋੜ ਹੈ ਤਾਂ ਜੋ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਆਧੁਨਿਕ ਤਰੀਕੇ ਅਪਣਾ ਸਕਣ। ਇਸ ਤੋਂ ਇਲਾਵਾ, ਅਧਿਆਪਕਾਂ ਨੂੰ ਆਪਣੀਆਂ ਸਕੂਲੀ ਡਿਊਟੀਆਂ ਨਿਭਾਉਣ ਲਈ ਇੰਟਰਨੈਟ ਦੀ ਵੀ ਲੋੜ ਹੁੰਦੀ ਹੈ।