ਪਟਿਆਲਾ, 7 ਅਕਤੂਬਰ
ਕੇਂਦਰੀ ਰਾਜ ਮੰਤਰੀ ਦੁਰਗਾਦਾਸ ਉਇਕੇ ਨੇ ਸਮਾਣਾ ਅਤੇ ਰਾਜਪੁਰਾ ਸਬ ਡਵੀਜ਼ਨ ਪਿੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਰਾਜਪੁਰਾ ਸਬ ਡਵੀਜ਼ਨ ਦੇ ਪਿੰਡ ਝੱਜੋ, ਬੁਧਮੋਰ, ਸਰਾਲਾ ਅਤੇ ਸਮਾਣਾ ਦੇ ਧਰਮਹੇੜੀ, ਸੱਸਾਂ ਗੁੱਜਰਾਂ ਪਿੰਡਾਂ ਚ ਪੁੱਜ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ।
ਦੌਰੇ ਦੌਰਾਨ ਕੇਂਦਰੀ ਰਾਜ ਮੰਤਰੀ ਦੁਰਗਾਦਾਸ ਉਇਕੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੁਕਸਾਨ ਦੀ ਵਿਆਪਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੇਂਦਰ ਵੱਲੋਂ ਢੁੱਕਵਾਂ ਮੁਆਵਜ਼ਾ ਦਿੱਤਾ ਜਾ ਸਕੇ। ਕਿਸਾਨਾਂ ਨਾਲ ਗੱਲਬਾਤ ਦੌਰਾਨ, ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ ਨੂੰ ਨੋਟ ਕੀਤਾ ਜਿਵੇਂ ਕੀ ਨਦੀਆਂ ਦੀ ਗਾਦ ਕੱਢਣਾ, ਭਵਿੱਖ ਵਿੱਚ ਫਸਲਾਂ ਅਤੇ ਜ਼ਮੀਨ ਦੇ ਨੁਕਸਾਨ ਨੂੰ ਰੋਕਣ ਲਈ ਪੱਕੇ ਬੰਨ੍ਹ ਅਤੇ ਨਾਲੇ ਬਣਾਉਣਾ ਆਦਿ।
ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਬੋਲੇ ਕਿ ਇਸ ਤੋ ਪਹਿਲਾ ਉਹ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਆਏ ਹਨ ਅਤੇ ਹੋਣ ਪੰਜਾਬ ਵਿੱਚ ਆਈ ਹੜ੍ਹ ਦੀ ਮਾਰ ਕਾਰਨ ਪਿੰਡ ਦਾ ਜ਼ਾਇਜਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭੇਜਿਆ ਹੈ।
ਅੱਗੇ ਦੱਸਿਆ ਕਿ ਉਹਨਾਂ ਵੱਲੋਂ ਦੋ ਦਿਨ ਰਾਜਪੁਰਾ ਸਬ ਡਵੀਜ਼ਨ ਅਤੇ ਸਮਾਣੇ ਦੇ ਪਿੰਡ ਦਾ ਦੌਰਾ ਕਰਕੇ ਜਿਲ੍ਹਾ ਪ੍ਰਧਾਨ ਅਧਿਕਾਰੀਆਂ ਨੂੰ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਕੋਲ ਸੌਪੀ ਜਾਵੇਗੀ ਉਹਨਾਂ ਨੇ ਕਿਹਾ ਇਸ ਮੁਸ਼ਕਿਲ ਸਮੇਂ ਵਿੱਚ ਕੇਂਦਰ ਸਰਕਾਰ ਪੰਜਾਬ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਬਾਅਦ ਵਿੱਚ, ਉਨ੍ਹਾਂ ਨੇ ਧਰਮਹੇੜੀ ਦਾ ਦੌਰਾ ਕੀਤਾ ਜਿੱਥੇ ਕਿਸਾਨ ਹਾਂਸੀ-ਬਟਾਨਾ ਨਹਿਰ ਦੇ ਮੁੱਦੇ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਮੁਲਕਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਸਬੰਧਤ ਰਾਜਾਂ ਦੀ ਕੇਂਦਰੀ ਜਲ ਕਮਿਸ਼ਨ ਨਾਲ ਜਲਦ ਹੀ ਇੱਕ ਉੱਚ-ਪੱਧਰੀ ਮੀਟਿੰਗ ਬੁਲਾਈ ਜਾਵੇਗੀ ਅਤੇ ਇਕ ਠੋਸ ਹੱਲ ਕੱਢਿਆ ਜਾਵੇਗਾ।
ਇਸ ਦੌਰੇ ਦੌਰਾਨ ਜ਼ਿਲ੍ਹਾ ਪ੍ਰਧਾਨ (ਪਟਿਆਲਾ ਦੱਖਣੀ) ਜਸਪਾਲ ਸਿੰਘ ਗਗਰੋਲੀ,ਜਿਲ੍ਹਾ ਪ੍ਰਧਾਨ (ਪਟਿਆਲਾ ਉੱਤਰੀ) ਹਰਮੇਸ਼ ਗੋਇਲ ਅਤੇ ਹਰਵਿੰਦਰ ਸਿੰਘ ਹਰਪਾਲਪੁਰ ਆਦਿ ਮੌਜੂਦ ਸਨ।