ਅੰਮ੍ਰਿਤਸਰ 7 ਅਗਸਤ, 2025 – ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ‘ਧਰਮ ਦੀ ਚਾਦਰ’ ਵਜੋਂ ਸਤਿਕਾਰੇ ਜਾਂਦੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਯਾਦ ਵਿੱਚ ਦੁਨੀਆਂ ਭਰ ‘ਚ ਕਰਵਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਚਾਰਾਜੋਈ ਕਰਨ ਲਈ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਇੱਕ ਵਿਸਤ੍ਰਿਤ ਪੱਤਰ ਵਿੱਚ ਕੌਂਸਲ ਦੇ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਨੇ 11 ਮੁੱਖ ਪ੍ਰਸਤਾਵ ਪੇਸ਼ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ “ਮਨੁੱਖਤਾ ਦੇ ਰਾਖੇ” ਗੁਰੂ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਵਿਸ਼ਵ ਪੱਧਰ ‘ਤੇ ਮਨਾਉਂਦਿਆਂ ਮਾਨਵੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਕਦਰਾਂ-ਕੀਮਤਾਂ ਦੀ ਰਾਖੀ ਲਈ ਗੁਰੂ ਸਾਹਿਬ ਵੱਲੋਂ ਦਿੱਤੇ ਮਹਾਨ ਬਲੀਦਾਨ ਨੂੰ ਚੇਤੇ ਕਰਨਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪਸਾਰ ਕਰਨਾ ਹੈ।
ਗਲੋਬਲ ਸਿੱਖ ਕੌਂਸਲ ਨੇ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਗੁਰੂ ਸਾਹਿਬ ਜੀ ਵੱਲੋਂ ਦਿੱਤੀ ਕੁਰਬਾਨੀ ਇੱਕ ਇਤਿਹਾਸਕ ਮੋੜ ਸੀ ਜੋ ਸਮੁੱਚੇ ਸੰਸਾਰ ਵਾਸਤੇ ਉਤਮ ਮਿਸਾਲ ਹੈ। ਇਸ ਕਰਕੇ ਉੱਨਾਂ ਦੀ ਲਾਮਿਸਾਲ ਕੁਰਬਾਨੀ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿਵਾਉਣ ਅਤੇ ਆਜ਼ਾਦੀ ਤੇ ਨਿਆਂ ਦੇ ਰਾਖਿਆਂ ਵਜੋਂ ਸਿੱਖ ਕੌਮ ਦੇ ਅਕਸ ਨੂੰ ਹੋਰ ਪਰਪੱਕ ਕਰਨ ਲਈ ਆਪਸੀ ਤਾਲਮੇਲ ਸਦਕਾ ਆਲਮੀ ਯਤਨ ਕਰਨਾ ਬਹੁਤ ਜ਼ਰੂਰੀ ਹੈ। ਕੌਂਸਲ ਦੀ ਪ੍ਰਧਾਨ ਨੇ ਕਿਹਾ ਕਿ ਇਸ ਕੁਰਬਾਨੀ ਦੀ ਅਹਿਮੀਅਤ ਸਬੰਧੀ ਆਲਮੀ ਆਗੂਆਂ, ਸੰਸਥਾਵਾਂ ਅਤੇ ਸੰਗਤ ਨੂੰ ਸ਼ਾਮਲ ਕਰਕੇ ਖਾਸ ਕਰਕੇ ਗੁਰੂ ਸਾਹਿਬ ਅਤੇ ਉਨ੍ਹਾਂ ਨਾਲ ਤਿੰਨ ਸਿੱਖ ਪੈਰੋਕਾਰਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਵੱਲੋਂ ਸਹਿਣ ਕੀਤੇ ਜਬਰ-ਜ਼ੁਲਮ ਤੇ ਤਸੀਹਿਆਂ ਬਾਰੇ ਜਾਣਕਾਰੀ ਦੇ ਪ੍ਰਸਾਰ ਨਾਲ ਗੁਰਸਿੱਖੀ ਅਤੇ ਗੁਰਬਾਣੀ ਦੇ ਆਲਮੀ ਸੰਦੇਸ਼ ਬਾਰੇ ਵਧੇਰੇ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਐਸ.ਜੀ.ਪੀ.ਸੀ. ਅੱਗੇ ਇਹ ਤਜਵੀਜ਼ਾਂ ਰੱਖਣ ਲਈ ਜੀ.ਐਸ.ਸੀ. ਦੀ ਕਾਰਜਕਾਰੀ ਕਮੇਟੀ ਵੱਲੋਂ ਇੱਕ ਆਨਲਾਈਨ ਮੀਟਿੰਗ ਕੀਤੀ ਗਈ ਜਿਸ ਵਿੱਚ ਚੇਅਰਮੈਨ ਲਾਰਡ ਇੰਦਰਜੀਤ ਸਿੰਘ, ਉਪ ਪ੍ਰਧਾਨ ਪਰਮਜੀਤ ਸਿੰਘ ਬੇਦੀ ਅਮਰੀਕਾ ਅਤੇ ਰਾਮ ਸਿੰਘ ਰਾਠੌਰ ਮੁੰਬਈ, ਸਕੱਤਰ ਹਰਜੀਤ ਸਿੰਘ ਗਰੇਵਾਲ ਚੰਡੀਗੜ੍ਹ, ਖਜ਼ਾਨਚੀ ਹਰਸਰਨ ਸਿੰਘ ਪੁਡੂਚੇਰੀ ਅਤੇ ਕਾਰਜਕਾਰਨੀ ਦੇ ਮੈਂਬਰ ਜਗੀਰ ਸਿੰਘ ਮਲੇਸ਼ੀਆ, ਸਤਨਾਮ ਸਿੰਘ ਪੂਨੀਆ ਯੂਕੇ, ਗੁਰਦਿਆਲ ਸਿੰਘ ਫਰਾਂਸ, ਕਿਰਨਦੀਪ ਕੌਰ ਸੰਧੂ ਨੇਪਾਲ ਅਤੇ ਹਰਬੀਰ ਪਾਲ ਸਿੰਘ ਭਾਟੀਆ ਆਸਟ੍ਰੇਲੀਆ ਸਮੇਤ ਡਾ. ਕਰਮਿੰਦਰ ਸਿੰਘ ਇੰਡੋਨੇਸ਼ੀਆ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਡਾ. ਕੰਵਲਜੀਤ ਕੌਰ ਨੇ ਐਸ.ਜੀ.ਪੀ.ਸੀ. ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਸਬੰਧੀ ਪੰਜਾਬ ‘ਚ ਕਰਵਾਏ ਜਾਣ ਵਾਲੇ ਵੱਡੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਵੱਖ-ਵੱਖ ਦੇਸ਼ਾਂ ਅਤੇ ਰਾਜਾਂ ਦੇ ਮੁਖੀਆਂ ਸਮੇਤ ਭਾਰਤ ਵਿੱਚ ਉਨ੍ਹਾਂ ਦੇ ਕੂਟਨੀਤਕ ਪ੍ਰਤੀਨਿਧੀਆਂ ਨੂੰ ਅਧਿਕਾਰਤ ਤੌਰ ‘ਤੇ ਸੱਦਾ ਦੇਣ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਗੁਰੂ ਸਾਹਿਬ ਦੀ ਭੂਮਿਕਾ ਬਾਰੇ ਸਾਰੇ ਮੁਲਕਾਂ ਵਿੱਚ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਉਨ੍ਹਾਂ ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਇਸ ਸ਼ਤਾਬਦੀ ਦੇ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਸੱਦੇ ਜਾਣ ਵਾਲੇ ਆਲਮੀ ਆਗੂਆਂ ਨੂੰ ਗੁਰੂ ਸਾਹਿਬ ਦੀ ਕੁਰਬਾਨੀ ਦੇ ਸਨਮਾਨ ਵਜੋਂ ਯਾਦਗਾਰੀ ਡਾਕ ਟਿਕਟਾਂ, ਸਿੱਕੇ ਜਾਂ ਕਰੰਸੀ ਨੋਟ ਜਾਰੀ ਕਰਨ ਸਬੰਧੀ ਬੇਨਤੀ ਕੀਤੀ ਜਾਵੇ। ਇਸ ਕਾਰਜ ਲਈ ਉਨ੍ਹਾਂ ਨੇ ਐਸ.ਜੀ.ਪੀ.ਸੀ. ਨੂੰ ਇਸਦੇ ਵਿਦੇਸ਼ੀ ਮਿਸ਼ਨਾਂ ਸਮੇਤ ਐਨ.ਆਰ.ਆਈ. ਸਲਾਹਕਾਰ ਕਮੇਟੀਆਂ ਦੀ ਸਹਾਇਤਾ ਲੈਣ ਲਈ ਕਿਹਾ ਹੈ।
ਉਨ੍ਹਾਂ ਐਸ.ਜੀ.ਪੀ.ਸੀ. ਨੂੰ ਕਿਹਾ ਹੈ ਕਿ ਗੁਰੂ ਸਾਹਿਬ ਜੀ ਦੀ ਜੀਵਨਗਾਥਾ, ਉਪਦੇਸ਼, ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਾਖੀ ਲਈ ਦਿੱਤੇ ਬਲੀਦਾਨ ਅਤੇ ਉਨ੍ਹਾਂ ਨਾਲ ਤਿੰਨ ਸੂਰਮਿਆਂ ਦੀਆਂ ਕੁਰਬਾਨੀਆਂ ਦੀ ਜਾਣਕਾਰੀ ਵਾਲਾ ਇਕ ਸੰਖੇਪ ਪਰੰਤੂ ਖੋਜਪੂਰਕ ਕਿਤਾਬਚਾ ਤਿਆਰ ਕਰਕੇ ਵਿਦੇਸ਼ੀ ਮਹਿਮਾਨਾਂ, ਰਾਜਦੂਤਾਂ ਅਤੇ ਜਗਤ ਦੀਆਂ ਧਾਰਮਿਕ-ਸਮਾਜਿਕ ਸੰਸਥਾਵਾਂ ਨੂੰ ਪੜ੍ਹਨ ਲਈ ਭੇਜਿਆ ਜਾਵੇ। ਉਨ੍ਹਾਂ ਇਹ ਮੰਗ ਵੀ ਰੱਖੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ‘ਤੇ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਦੀ ਰਸਮੀ ਅਪੀਲ ਕੀਤੀ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਜਾਵੇ ਕਿ ਉਹ ਵਿਦੇਸ਼ ਮੰਤਰਾਲੇ ਨੂੰ ਦੁਨੀਆ ਭਰ ਦੇ ਭਾਰਤੀ ਦੂਤਾਵਾਸਾਂ ਵਿੱਚ ਸੈਮੀਨਾਰ, ਭਾਸ਼ਣ ਅਤੇ ਕੀਰਤਨ ਦਰਬਾਰ ਕਰਵਾਉਣ ਸਬੰਧੀ ਨਿਰਦੇਸ਼ ਜਾਰੀ ਕਰਨ।
ਇਸ ਚਿੱਠੀ ਵਿੱਚ ਕੌਂਸਲ ਨੇ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਹੈ ਕਿ ਕੇਂਦਰੀ ਸਿੱਖਿਆ ਮੰਤਰਾਲੇ ਕੋਲ ਨਵੰਬਰ ਮਹੀਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਉਣ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਵੀ ਰੱਖੀ ਜਾਵੇ ਅਤੇ ਨਾਲ ਹੀ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਬੱਚਿਆਂ ਲਈ ਕਲਾਸਰੂਮ ਸੈਸ਼ਨ ਕਰਵਾਉਣ ਵਾਸਤੇ ਵੱਖ-ਵੱਖ ਸਕੂਲ ਬੋਰਡਾਂ ਨੂੰ ਵੀ ਅਪੀਲ ਕੀਤੀ ਜਾਵੇ। ਉਨ੍ਹਾਂ ਨੇ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ‘ਤੇ ਪ੍ਰਾਈਮ ਟਾਈਮ ਮੌਕੇ ਗੁਰੂ ਸਾਹਿਬ ਦੇ ਜੀਵਨ ਅਤੇ ਕੁਰਬਾਨੀ ਦੀ ਗਾਥਾ ਦੇ ਪ੍ਰਸਾਰਣ ਦੇ ਨਾਲ-ਨਾਲ ਲਾਈਵ ਸ਼ਬਦ ਕੀਰਤਨ/ਗੁਰਬਾਣੀ ਕਥਾ ਦੇ ਪ੍ਰਸਾਰਣ ਸਬੰਧੀ ਪ੍ਰੋਗਰਾਮ ਚਲਾਉਣ ਬਾਰੇ ਲਿਖਤੀ ਬੇਨਤੀ ਕਰਨ ਦਾ ਪ੍ਰਸਤਾਵ ਵੀ ਰੱਖਿਆ ਹੈ।
ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਨੇ ਇੱਕ ਹੋਰ ਮਹੱਤਵਪੂਰਨ ਮੰਗ ਰੱਖਦਿਆਂ ਕਿਹਾ ਕਿ ਹੈ ਆਉਣ ਵਾਲਾ ‘ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ’ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਮਨਾਉਣ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਪੱਤਰ ਲਿਖਿਆ ਜਾਵੇ ਅਤੇ ਇਸ ਦਿਨ ਨੂੰ ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਨਾਂਅ ਨੂੰ ਸਮਰਪਿਤ ਕੀਤਾ ਜਾਵੇ ਅਤੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ “ਹੱਕ-ਸੱਚ ਅਤੇ ਧਾਰਮਿਕ ਆਜ਼ਾਦੀ” ਦੀ ਜੋਤ ਜਗਾਉਣ ਵਜੋਂ ਦੁਨੀਆਂ ਭਰ ਵਿੱਚ ਉਜਾਗਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਵੀ ਗੁਰੂ ਸਾਹਿਬ ਦੀ ਜੀਵਨੀ ਤੇ ਉਪਦੇਸ਼ ਬਾਰੇ ਆਪਣੇ ਕੀਮਤੀ ਵਿਚਾਰ ਰੱਖਣ ਲਈ ਬੇਨਤੀ ਕੀਤੀ ਜਾਵੇ।
ਡਾ. ਕੰਵਲਜੀਤ ਕੌਰ ਨੇ ਐਸ.ਜੀ.ਪੀ.ਸੀ. ਨੂੰ ਸਾਰੇ ਦੇਸ਼ਾਂ ਵਿੱਚ ਵੱਖ-ਵੱਖ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਿੱਖ ਪੈਰੋਕਾਰਾਂ ਦੀ ਸ਼ਹਾਦਤ ‘ਤੇ ਕੇਂਦ੍ਰਿਤ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਵੱਡੇ-ਵੱਡੇ ਗੁਰੂ ਕੇ ਲੰਗਰ ਲਗਾਉਣ ਦੀ ਥਾਂ ਗੁਰੂ ਸਾਹਿਬ ਦੀ ਸ਼ਹਾਦਤ ਦੀ ਮਹੱਤਤਾ ਬਾਰੇ ਅਧਿਆਤਮਕ ਅਤੇ ਵਿਦਿਅਕ ਪ੍ਰੋਗਰਾਮਾਂ ਕਰਵਾਉਣ ਦਾ ਸੁਝਾਅ ਵੀ ਦਿੱਤਾ ਹੈ।
ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਨੇ ਇਹ ਤਜਵੀਜ਼ ਵੀ ਦਿੱਤੀ ਹੈ ਕਿ ਐਸ.ਜੀ.ਪੀ.ਸੀ. ਆਪਣੇ ਆਲਮੀ ਨੈੱਟਵਰਕ ਦੀ ਮੱਦਦ ਨਾਲ ਸ਼ਹੀਦੀ ਮਹੀਨੇ ਦੌਰਾਨ ਸਾਲਾਨਾ ਅੰਤਰਰਾਸ਼ਟਰੀ ਗੁਰਮਤਿ ਜਾਗਰੂਕਤਾ ਹਫ਼ਤਾ ਮਨਾਉਣ ਲਈ ਯਤਨ ਕਰਦਿਆਂ ਅਜਿਹੇ ਅਧਿਆਤਮਕ ਅਤੇ ਵਿਦਿਅਕ ਸਮਾਰੋਹਾਂ ਵਿੱਚ ਦੁਨੀਆਂ ਭਰ ਤੋਂ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਕਾਰਜ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੇਜ਼ਬਾਨ ਸਰਕਾਰਾਂ, ਵਿਦੇਸ਼ਾਂ ਵਿਚਲੇ ਐਸ.ਜੀ.ਪੀ.ਸੀ. ਦੇ ਮਿਸ਼ਨਾਂ ਅਤੇ ਐਨਆਰਆਈ ਸਲਾਹਕਾਰ ਕਮੇਟੀਆਂ ਦੀ ਸਹਾਇਤਾ ਲਈ ਜਾਵੇ। ਕੌਂਸਲ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦਿਆਂ ਨੌਵੇਂ ਪਾਤਸ਼ਾਹ ਦੀ ਮਹਾਨ ਜੀਵਨ ਗਾਥਾ, ਕੁਰਬਾਨੀ ਅਤੇ ਸਿੱਖਿਆਵਾਂ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਵੱਧ ਤੋਂ ਵੱਧ ਪ੍ਰਸਾਰ ਕਰਨ ਲਈ ਕਿਹਾ ਹੈ।
ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਕੌਂਸਲ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ‘ਤੇ ਇੱਕ ਸਾਲਾਨਾ ਅੰਤਰਰਾਸ਼ਟਰੀ ਪੁਰਸਕਾਰ ਸ਼ੁਰੂ ਕਰਨ ਦੀ ਵੀ ਸਿਫਾਰਸ਼ ਕੀਤੀ ਹੈ ਜੋ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਰਫ਼ੋਂ ਦਿੱਤਾ ਜਾਵੇ। ਉਨ੍ਹਾਂ ਨੇ ਇੱਕ ਵਿਸ਼ੇਸ਼ ਆਨਲਾਈਨ ਪੋਰਟਲ ਜਾਂ ਐਪ ਬਣਾਉਣ ਦਾ ਵੀ ਪ੍ਰਸਤਾਵ ਦਿੱਤਾ ਹੈ ਜਿਸ ਵਿੱਚ ਵਿਸ਼ਵ ਭਰ ‘ਚ ਵਸਦੇ ਆਮ ਨਾਗਰਿਕਾਂ ਦੀ ਜਾਣਕਾਰੀ ਅਤੇ ਅੰਤਰ-ਧਰਮ ਸਮਝ ਲਈ ਗੁਰਬਾਣੀ, ਗੁਰਮਤਿ, ਗੁਰੂ ਸਾਹਿਬਾਨ ਦੇ ਜੀਵਨ, ਲਿਖਤਾਂ ਅਤੇ ਇਤਿਹਾਸਕ ਸਥਾਨਾਂ ਬਾਰੇ ਜਾਣਕਾਰੀ ਦੇ ਵਿਆਪਕ ਸਰੋਤ ਅਤੇ ਸਿੱਖ ਵਿਦਵਾਨਾਂ ਦੇ ਵਿਚਾਰ ਸ਼ਾਮਲ ਹੋਣ।
ਗਲੋਬਲ ਸਿੱਖ ਕੌਂਸਲ ਨੇ ਇਹਨਾਂ ਪਹਿਲਕਦਮੀਆਂ ਦੇ ਅਮਲ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਪਣੇ ਪੂਰੇ ਸਹਿਯੋਗ ਅਤੇ ਸਮਰਥਨ ਦੀ ਪੇਸ਼ਕਸ਼ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਪੁਰਬ ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਦੇ ਦਿਖਾਏ ਮਾਰਗ ਅਤੇ ਗੁਰੂ ਸਾਹਿਬ ਦੇ ਫ਼ਲਸਫ਼ੇ ਦੇ ਸਹੀ ਅਰਥਾਂ ਵਿੱਚ ਪ੍ਰਚਾਰ-ਪਸਾਰ ਲਈ ਇੱਕ ਇਤਿਹਾਸਕ ਕਦਮ ਸਾਬਤ ਹੋਵੇਗਾ।
Global Sikh Council, Shiromani Gurdwara Parbandhak Committee (SGPC), 350th martyrdom anniversary, Sri Guru Tegh Bahadur Sahib Ji, the Ninth Nanak, SGPC President Harjinder Singh Dhami, GSC President Dr. Kanwaljit Kaur, religious freedom and dignity