ਪਟਿਆਲਾ, 25 ਜੁਲਾਈ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਰਾਜਿੰਦਰਾ ਝੀਲ ਵਿੱਚ ਪਾਣੀ ਪੱਕੇ ਤੌਰ ‘ਤੇ ਜਮ੍ਹਾਂ ਕਰਨ ਅਤੇ ਇਸ ਨੂੰ ਇੱਕ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਨੂੰ ਰਾਜ ਪੱਧਰੀ ਤਕਨੀਕੀ ਕਮੇਟੀ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦਾ ਟੈਂਡਰ ਅਗਲੇ ਹਫ਼ਤੇ ਲੱਗ ਜਾਵੇਗਾ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਇਸ ਵਿੱਚ ਪਾਣੀ ਭਰ ਦਿੱਤਾ ਜਾਵੇਗਾ।
ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਏਡੀਸੀਜ ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ ਸਮੇਤ ਲੋਕ ਨਿਰਮਾਣ, ਜਲ ਨਿਕਾਸ, ਜੰਗਲਾਤ, ਬਾਗਬਾਨੀ ਤੇ ਮੱਛੀ ਪਾਲਣ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਦੀ ਸਾਰੀ ਮੁਰੰਮਤ ਦਾ ਕੰਮ ਅਗਲੇ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਰਜਿੰਦਰਾ ਝੀਲ ਦੇ ਵਿਕਾਸ ਲਈ ਨਗਰ ਨਿਗਮ ਵੱਲੋਂ ਟੈਂਡਰ ਇੱਕ ਹਫ਼ਤੇ ਦੇ ਅੰਦਰ-ਅੰਦਰ ਲਗਾਇਆ ਜਾ ਰਿਹਾ ਹੈ ਜਦੋਂਕਿ ਡਰੇਨੇਜ ਵਿਭਾਗ ਵੱਲੋਂ ਇਸ ਵਿੱਚ ਪਾਣੀ ਛੱਡਣ ਲਈ ਪਾਈਪਲਾਈਨ ਦਾ ਕੰਮ ਵੀ 40 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ।
ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਦਾ ਦਿਲ ਸਮਝੀ ਜਾਂਦੇ ਬਾਰਾਂਦਰੀ ਤੇ ਵਾਤਾਵਰਨ ਪਾਰਕ ਦੀ ਵੀ ਨੁਹਾਰ ਬਦਲਣ ਲਈ ਐਨਕੈਪ ਤਹਿਤ ਤਜਵੀਜਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਅੰਦਰ ਗਰੀਨ ਬੈਲਟ ਅਧੀਨ ਖੇਤਰ ਵਧਾਉਣ ਲਈ ਨਗਰ ਨਿਗਮ ਦੇ ਸਹਿਯੋਗ ਨਾਲ ਜੰਗਲਾਤ ਵਿਭਾਗ ਵੱਲੋਂ ਵੱਡੀ ਨਦੀ ਦੇ ਕਿਨਾਰੇ, ਸਰਹਿੰਦ ਬਾਈਪਾਸ, ਜੇਲ ਰੋਡ, ਡਿਫੈਂਸ ਏਰੀਆ, ਕੇਸਰ ਬਾਗ ਅਤੇ ਨਾਭਾ ਰੋਡ ਵਿਖੇ ਬੂਟੇ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸ਼ਹਿਰ ਦੇ ਲੀਲ੍ਹਾ ਭਵਨ ਚੌਂਕ ਦੇ ਨਵੀਨੀਕਰਨ ਸਮੇਤ ਹੋਰ ਚੌਂਕਾਂ ਦਾ ਵੀ ਮੂੰਹ-ਮੁਹਾਂਦਰਾ ਬਦਲਿਆ ਜਾਵੇਗਾ, ਇਸ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਟੈਂਡਰ ਲਗਾਏ ਜਾ ਰਹੇ ਹਨ। ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ, ਵਣ ਮੰਡਲ ਅਫ਼ਸਰ ਗੁਰਮਨਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਤੇ ਪ੍ਰਥਮ ਗੰਭੀਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।