ਪਟਿਆਲਾ, 23 ਜੁਲਾਈ:
ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਮਾਣਾ-ਪਟਿਆਲਾ ਸੜਕ (ਐਸ.ਐਚ-10) ਪਸਿਆਣਾ ਚੌਂਕੀ ਤੱਕ, ਸਮਾਣਾ-ਪਾਤੜਾਂ ਰੋਡ ਪਿੰਡ ਕਕਰਾਲਾ ਤੱਕ, ਸਮਾਣਾ-ਭਵਾਨੀਗੜ ਰੋਡ ਪਿੰਡ ਫਤਿਹਗੜ ਛੰਨਾਂ ਤੱਕ ਅਤੇ ਸਮਾਣਾ-ਚੀਕਾ ਰੋਡ ਸੇਂਟ ਲਾਰੇਂਸ ਸਕੂਲ ਤੱਕ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰੀ ਵਾਹਨਾਂ (ਟਿੱਪਰ, ਟਰੱਕ ਆਦਿ) ਦੇ ਅੰਦਰ ਆਉਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 8 ਸਤੰਬਰ 2025 ਤੱਕ ਲਾਗੂ ਰਹਿਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮਾਣਾ ਸ਼ਹਿਰ ਦੇ ਬੱਚੇ ਪੜਾਈ ਕਰਨ ਲਈ ਸਮਾਣਾ ਸ਼ਹਿਰ ਤੋਂ ਬਾਹਰ ਜਿਵੇਂ ਕਿ ਪਟਿਆਲਾ ਸ਼ਹਿਰ, ਪਾਤੜਾਂ ਰੋਡ ‘ਤੇ, ਪਟਿਆਲਾ ਰੋਡ ‘ਤੇ, ਭਵਾਨੀਗੜ ਰੋਡ ਅਤੇ ਚੀਕਾ ਰੋਡ ਤੇ ਬਣੇ ਵੱਖ ਵੱਖ ਸਕੂਲਾਂ ਵਿੱਚ ਸਕੂਲ ਬੱਸ ਜਾਂ ਵੈਨਾਂ ਰਾਹੀਂ ਜਾਂਦੇ ਹਨ। ਇਨ੍ਹਾਂ ਸੜਕਾਂ ਤੇ ਭਾਰੀ ਵਾਹਨ ਚੱਲਣ ਕਾਰਨ ਹਰ ਸਮੇਂ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਹਲਾਤਾਂ ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਖਰਾਬ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।