ਪਟਿਆਲਾ, 29 ਅਕਤੂਬਰ:
ਵਿਜੀਲੈਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਖੇ ਤਾਇਨਾਤ ਡੀ.ਐਸ.ਪੀ ਪ੍ਰਮਿੰਦਰ ਸਿੰਘ ਬਰਾੜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ ਸ਼ਾਦੀਹਰੀ ਵਿਖੇ ਭ੍ਰਿਸਟਾਚਾਰ ਵਿਰੋਧੀ ਸਾਲਾਨਾ ਜਾਗਰੂਕਤਾ ਹਫ਼ਤਾ ਮਨਾਇਆ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਪੈਸਲ ਡੀ.ਜੀ.ਪੀ ਕਮ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਰਿੰਦਰ ਕੁਮਾਰ ਦੇ ਹੁਕਮਾਂ ਦੀ ਪਾਲਣਾ ਵਿੱਚ ਅਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਜਗਤਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਭ੍ਰਿਸਟਾਚਾਰ ਵਿਰੋਧੀ ਸਾਲਾਨਾ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ।
ਡੀ.ਐਸ.ਪੀ. ਪ੍ਰਮਿੰਦਰ ਸਿੰਘ ਬਰਾੜ ਨੇ ਭ੍ਰਿਸਟਾਚਾਰ ਰਾਹੀਂ ਦੇਸ਼ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭ੍ਰਿਸ਼ਾਟਾਚਾਰ ਵੱਖੋ-ਵੱਖਰੀ ਤਰ੍ਹਾਂ ਦਾ ਹੁੰਦਾ ਹੈ ਇਸ ਲਈ ਇਸ ਤੋਂ ਜਾਣੂ ਹੋ ਕੇ ਸਾਰੇ ਨਾਗਰਿਕ ਆਪਣੇ ਦੇਸ਼ ਤੇ ਸਮਾਜ ਨੂੰ ਇਸ ਕੋਹੜ ਤੋਂ ਬਚਾ ਸਕਦੇ ਹਨ। ਉਨ੍ਹਾਂ ਨੇ ਵਿਦੀਆਰਥੀਆਂ ਤੇ ਅਧਿਆਪਕਾਂ ਸਮੇਤ ਸਥਾਨਕ ਵਸਨੀਕਾਂ ਨੂੰ ਭ੍ਰਿਸਟਾਚਾਰ ਨੂੰ ਰੋਕਣ ਵਿੱਚ ਮਦਦ ਕਰਨ ਲਈ ਟੋਲ ਫਰੀ ਨੰਬਰ 180018001000, ਐਂਟੀ ਕੁਰੱਪਸਨ ਐਕਸ਼ਨ ਲਾਈਨ ਨੰਬਰ 9501200200 ਅਤੇ ਵਿਜੀਲੈਂਸ ਬਿਊਰੋ ਵਿਖੇ ਤਾਇਨਾਤ ਅਫ਼ਸਰਾਂ ਦੇ ਮੋਬਾਇਲ ਨੰਬਰ ਨੋਟ ਕਰਵਾਕੇ ਸਹਿਯੋਗ ਕਰਨ ਲਈ ਕਿਹਾ।
ਡੀਐਸਪੀ ਬਰਾੜ ਨੇ ਕਿਹਾ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਕੇ ਦੇਸ਼ ਵਿੱਚ ਵਸਦੇ ਲੋਕਾਂ ਨੂੰ ਵਧੀਆ ਤਰੱਕੀ ਦੇ ਰਾਹ ਉਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਰੋਕਣ ਵਿੱਚ ਮਦਦ ਕਰਨ ਅਤੇ ਭ੍ਰਿਸ਼ਟਾਚਾਰ ਨਾ ਕਰਨ ਦੀ ਸਹੁੰ ਵੀ ਚੁਕਾਈ।
ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਤੇ ਪਿੰਡਾਂ ਦੇ ਸਰਪੰਚਾਂ ਨੇ ਡੀ.ਐਸ.ਪੀ ਤੇ ਵਿਜੀਲੈਂਸ ਬਿਊਰੋ ਟੀਮ ਦਾ ਸਵਾਗਤ ਕੀਤਾ। ਇਸ ਮੌਕੇ ਸਕੂਲ ਸਟਾਫ, ਜਗਸੀਰ ਸਿੰਘ ਜੱਗਾ ਸਰਪੰਚ ਸ਼ਾਦੀਹਰੀ, ਗੁਰਜੀਤ ਸਿੰਘ ਫੋਜੀ ਸਰਪੰਚ ਰਾਏਧਰਾਣਾ, ਹਰਪਾਲ ਸਿੰਘ ਪਾਲਾ ਸਰਪੰਚ ਡੇਰਾ ਪੰਚਾਇਤ ਰਾਏਧਰਾਣਾ, ਪਿੰਡ ਦੇ ਹੋਰ ਪਤਵੰਤੇ ਅਤੇ ਵਿਜੀਲੈਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਦਾ ਸਟਾਫ ਵੀ ਹਾਜਰ ਸੀ।