JANUARY 24,2024
ਅੱਜ ਲੋਕ ਨਾਇਕ ਕਰਪੂਰੀ ਠਾਕੁਰ ਜੀ ਦੀ ਜਨਮ ਸ਼ਤਾਬਦੀ ਹੈ, ਜਿਨ੍ਹਾਂ ਦੀ ਸਮਾਜਿਕ ਨਿਆਂ ਦੀ ਅਣਥੱਕ ਕੋਸ਼ਿਸ਼ ਨੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਪ੍ਰਭਾਵ ਪਾਇਆ। ਮੈਨੂੰ ਕਦੇ ਵੀ ਕਰਪੂਰੀ ਜੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ, ਮੈਂ ਉਨ੍ਹਾਂ ਦੇ ਨਾਲ ਨੇੜਿਓਂ ਕੰਮ ਕਰਨ ਵਾਲੇ ਕੈਲਾਸ਼ਪਤੀ ਮਿਸ਼ਰਾ ਜੀ ਤੋਂ ਉਨ੍ਹਾਂ ਬਾਰੇ ਬਹੁਤ ਕੁਝ ਸੁਣਿਆ। ਉਹ ਸਮਾਜ ਦੇ ਸਭ ਤੋਂ ਪਿਛੜੇ ਵਰਗਾਂ ਵਿੱਚੋਂ ਇੱਕ, ਨਾਈ ਸਮਾਜ ਨਾਲ ਸਬੰਧਿਤ ਸਨ। ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਉਨ੍ਹਾਂ ਬਹੁਤ ਕੁਝ ਪ੍ਰਾਪਤ ਕੀਤਾ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕੀਤਾ।
ਜਨ ਨਾਇਕ ਕਰਪੂਰੀ ਠਾਕੁਰ ਜੀ ਦਾ ਜੀਵਨ ਸਾਦਗੀ ਅਤੇ ਸਮਾਜਿਕ ਨਿਆਂ ਦੇ ਦੋਹਰੇ ਥੰਮ੍ਹਾਂ ਦੇ ਇਰਦ-ਗਿਰਦ ਘੁੰਮਦਾ ਹੈ। ਆਖਰੀ ਸਾਹ ਤੱਕ ਉਨ੍ਹਾਂ ਦੀ ਸਾਦਾ ਜੀਵਨ ਸ਼ੈਲੀ ਅਤੇ ਨਿਮਰ ਸੁਭਾਅ ਆਮ ਲੋਕਾਂ ਨਾਲ ਡੂੰਘਾ ਜੁੜਿਆ ਰਿਹਾ। ਉਨ੍ਹਾਂ ਦੀ ਸਾਦਗੀ ਨੂੰ ਉਜਾਗਰ ਕਰਨ ਵਾਲੇ ਕਈ ਕਿੱਸੇ ਹਨ। ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕ ਯਾਦ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੇ ਆਪਣੀ ਬੇਟੀ ਦੇ ਵਿਆਹ ਸਮੇਤ ਕਿਸੇ ਵੀ ਵਿਅਕਤੀਗਤ ਮਾਮਲੇ ਲਈ ਆਪਣਾ ਪੈਸਾ ਖਰਚਣ ਨੂੰ ਤਰਜੀਹ ਦਿੱਤੀ। ਬਿਹਾਰ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਰਾਜਨੀਤਕ ਨੇਤਾਵਾਂ ਲਈ ਕਾਲੋਨੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਖ਼ੁਦ ਇਸ ਲਈ ਕੋਈ ਜ਼ਮੀਨ ਜਾਂ ਪੈਸਾ ਨਹੀਂ ਲਿਆ। ਸੰਨ 1988 ਵਿੱਚ ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ ਤਾਂ ਕਈ ਆਗੂ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਪਿੰਡ ਗਏ। ਉਨ੍ਹਾਂ ਦੇ ਘਰ ਦੀ ਹਾਲਤ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ- ਇਤਨੇ ਬੜੇ ਵਿਅਕਤੀ ਦਾ ਘਰ ਇਤਨਾ ਸਾਦਾ ਕਿਵੇਂ ਹੋ ਸਕਦਾ ਹੈ!
ਉਨ੍ਹਾਂ ਦੀ ਸਾਦਗੀ ਦਾ ਇੱਕ ਹੋਰ ਕਿੱਸਾ 1977 ਦਾ ਹੈ ਜਦੋਂ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ਼ਿਆ ਸੀ। ਦਿੱਲੀ ਅਤੇ ਪਟਨਾ ਵਿੱਚ ਜਨਤਾ ਸਰਕਾਰ ਸੀ। ਉਸ ਸਮੇਂ, ਜਨਤਾ ਨੇਤਾ ਲੋਕਨਾਇਕ ਜੇਪੀ ਦੇ ਜਨਮ ਦਿਨ ਨੂੰ ਮਨਾਉਣ ਲਈ ਪਟਨਾ ਵਿੱਚ ਇਕੱਠੇ ਹੋਏ ਸਨ। ਮੁੱਖ ਮੰਤਰੀ ਕਰਪੂਰੀ ਠਾਕੁਰ ਜੀ ਫਟੇ ਹੋਏ ਕੁੜਤੇ ਵਿੱਚ ਚੋਟੀ ਦੇ ਨੇਤਾਵਾਂ ਦੇ ਸਮੂਹ ਵਿੱਚ ਘੁੰਮ ਰਹੇ ਸਨ। ਚੰਦਰਸ਼ੇਖਰ ਜੀ ਨੇ ਆਪਣੇ ਅੰਦਾਜ਼ ਵਿੱਚ ਲੋਕਾਂ ਨੂੰ ਕੁਝ ਪੈਸੇ ਦਾਨ ਕਰਨ ਲਈ ਕਿਹਾ ਤਾਂ ਜੋ ਕਰਪੂਰੀ ਜੀ ਨਵਾਂ ਕੁੜਤਾ ਖਰੀਦ ਸਕਣ। ਪਰ, ਕਰਪੂਰੀ ਜੀ ਕਰਪੂਰੀ ਜੀ ਸਨ- ਉਨ੍ਹਾਂ ਨੇ ਪੈਸੇ ਸਵੀਕਾਰ ਕੀਤੇ ਪਰ ਇਸ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰ ਦਿੱਤਾ।
ਜਨ ਨਾਇਕ ਕਰਪੂਰੀ ਠਾਕੁਰ ਜੀ ਨੂੰ ਸਮਾਜਿਕ ਨਿਆਂ ਸਭ ਤੋਂ ਪਿਆਰਾ ਸੀ। ਉਨ੍ਹਾਂ ਦੀ ਰਾਜਨੀਤਕ ਯਾਤਰਾ ਇੱਕ ਅਜਿਹੇ ਸਮਾਜ ਨੂੰ ਬਣਾਉਣ ਦੇ ਮਹਾਨ ਯਤਨਾਂ ਦੁਆਰਾ ਚਿੰਨ੍ਹਿਤ ਸੀ ਜਿੱਥੇ ਸੰਸਾਧਨਾਂ ਦੀ ਨਿਰਪੱਖ ਵੰਡ ਕੀਤੀ ਗਈ ਹੋਵੇ, ਅਤੇ ਹਰਕੇ ਦੀ, ਆਪਣੀ ਸਮਾਜਿਕ ਸਥਿਤੀ ਦੀ ਪਰਵਾਹ ਕੀਤੇ ਬਿਨਾ, ਮੌਕਿਆਂ ਤੱਕ ਪਹੁੰਚ ਹੋਵੇ। ਉਹ ਭਾਰਤੀ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀਆਂ ਪ੍ਰਣਾਲੀਗਤ ਅਸਮਾਨਤਾਵਾਂ ਨੂੰ ਹੱਲ ਕਰਨਾ ਚਾਹੁੰਦੇ ਸੀ।
ਆਪਣੇ ਆਦਰਸ਼ਾਂ ਦੇ ਪ੍ਰਤੀ ਉਨ੍ਹਾਂ ਦੀ ਅਜਿਹੀ ਪ੍ਰਤੀਬੱਧਤਾ ਸੀ ਕਿ ਇੱਕ ਅਜਿਹੇ ਯੁਗ ਵਿੱਚ ਰਹਿਣ ਦੇ ਬਾਵਜੂਦ ਜਿੱਥੇ ਕਾਂਗਰਸ ਪਾਰਟੀ ਸਰਬ ਵਿਆਪਕ ਸੀ, ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਕਾਂਗਰਸ ਵਿਰੋਧੀ ਲਾਈਨ ਅਪਣਾ ਲਈ ਕਿਉਂਕਿ ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਯਕੀਨ ਹੋ ਗਿਆ ਸੀ ਕਿ ਕਾਂਗਰਸ ਆਪਣੇ ਸਥਾਪਨਾ ਸਿਧਾਂਤਾਂ ਤੋਂ ਭਟਕ ਗਈ ਹੈ।
ਉਨ੍ਹਾਂ ਦਾ ਚੋਣ ਕਰੀਅਰ 1950 ਦੇ ਦਹਾਕੇ ਦੇ ਸ਼ੁਰੂ ਵਿੱਚ ਸ਼ੁਰੂ ਹੋਇਆ ਅਤੇ ਉਦੋਂ ਤੋਂ ਹੀ ਉਹ ਵਿਧਾਨਕ ਸਦਨਾਂ ਵਿਚ ਅਜਿਹੀ ਤਾਕਤ ਬਣ ਗਏ, ਜਿਨ੍ਹਾਂ ਨੇ ਮਜ਼ਦੂਰ ਜਮਾਤ, ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ ਨੌਜਵਾਨਾਂ ਦੇ ਸੰਘਰਸ਼ਾਂ ਨੂੰ ਸ਼ਕਤੀਸ਼ਾਲੀ ਆਵਾਜ਼ ਦਿੱਤੀ। ਸਿੱਖਿਆ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਦਾ ਵਿਸ਼ਾ ਸੀ। ਆਪਣੇ ਪੂਰੇ ਰਾਜਨੀਤਕ ਜੀਵਨ ਦੌਰਾਨ ਉਨ੍ਹਾਂ ਨੇ ਗ਼ਰੀਬਾਂ ਲਈ ਸਿੱਖਿਆ ਸੁਵਿਧਾਵਾਂ ਵਿੱਚ ਸੁਧਾਰ ਕਰਨ ਲਈ ਕੰਮ ਕੀਤਾ। ਉਹ ਸਥਾਨਕ ਭਾਸ਼ਾਵਾਂ ਵਿੱਚ ਸਿੱਖਿਆ ਦੇ ਸਮਰਥਕ ਸਨ ਤਾਂ ਜੋ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਲੋਕ ਵੀ ਪੌੜੀਆਂ ਚੜ੍ਹ ਸਕਣ ਅਤੇ ਸਫ਼ਲਤਾ ਪ੍ਰਾਪਤ ਕਰ ਸਕਣ। ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਵੀ ਕਈ ਕਦਮ ਉਠਾਏ।
ਲੋਕਤੰਤਰ, ਵਾਦ-ਵਿਵਾਦ ਅਤੇ ਚਰਚਾ ਕਰਪੂਰੀ ਜੀ ਦੀ ਸ਼ਖ਼ਸੀਅਤ ਦਾ ਅਭਿੰਨ ਅੰਗ ਸਨ। ਇਹ ਭਾਵਨਾ ਉਦੋਂ ਦਿਖਾਈ ਦਿੱਤੀ ਜਦੋਂ ਉਨ੍ਹਾਂ ਨੇ ਇੱਕ ਯੁਵਾ ਦੇ ਰੂਪ ਵਿੱਚ ਆਪਣੇ ਆਪ ਨੂੰ ਭਾਰਤ ਛੱਡੋ ਅੰਦੋਲਨ ਵਿੱਚ ਲੀਨ ਕਰ ਦਿੱਤਾ ਅਤੇ ਇਹ ਫਿਰ ਦੇਖੀ ਗਈ ਜਦੋਂ ਉਨ੍ਹਾਂ ਨੇ ਐਮਰਜੈਂਸੀ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਦੇ ਵਿਲੱਖਣ ਦ੍ਰਿਸ਼ਟੀਕੋਣ ਨੂੰ ਜੇਪੀ, ਡਾ. ਲੋਹੀਆ ਅਤੇ ਚਰਨ ਸਿੰਘ ਜੀ ਜਿਹੇ ਲੋਕਾਂ ਨੇ ਬਹੁਤ ਸਲਾਹਿਆ।
ਸ਼ਾਇਦ ਭਾਰਤ ਲਈ ਜਨ ਨਾਇਕ ਕਰਪੂਰੀ ਠਾਕੁਰ ਜੀ ਦੇ ਸਭ ਤੋਂ ਮਹੱਤਵਪੂਰਨ ਯੋਗਦਾਨਾਂ ਵਿੱਚੋਂ ਇੱਕ ਪਿਛੜੀਆਂ ਸ਼੍ਰੇਣੀਆਂ ਲਈ ਸਕਾਰਾਤਮਕ ਕਾਰਵਾਈ ਉਪਕਰਣ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਸੀ, ਇਸ ਉਮੀਦ ਨਾਲ ਕਿ ਉਨ੍ਹਾਂ ਨੂੰ ਉਹ ਪ੍ਰਤੀਨਿਧਤਾ ਅਤੇ ਮੌਕੇ ਦਿੱਤੇ ਗਏ ਸਨ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਦੇ ਇਸ ਫ਼ੈਸਲੇ ਦਾ ਭਾਰੀ ਵਿਰੋਧ ਹੋਇਆ ਪਰ ਉਹ ਕਿਸੇ ਦਬਾਅ ਅੱਗੇ ਨਹੀਂ ਝੁੱਕੇ। ਉਨ੍ਹਾਂ ਦੀ ਅਗਵਾਈ ਹੇਠ, ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਜਿਨ੍ਹਾਂ ਨੇ ਇੱਕ ਵਧੇਰੇ ਸਮਾਵੇਸ਼ੀ ਸਮਾਜ ਲਈ ਅਧਾਰ ਬਣਾਇਆ, ਜਿੱਥੇ ਕਿਸੇ ਦਾ ਜਨਮ ਕਿਸੇ ਦੀ ਕਿਸਮਤ ਨੂੰ ਨਿਰਧਾਰਿਤ ਨਹੀਂ ਕਰਦਾ ਸੀ। ਉਹ ਸਮਾਜ ਦੇ ਸਭ ਤੋਂ ਪਿਛੜੇ ਵਰਗ ਨਾਲ ਸਬੰਧਿਤ ਸਨ ਪਰ ਉਨ੍ਹਾਂ ਨੇ ਸਾਰੇ ਲੋਕਾਂ ਲਈ ਕੰਮ ਕੀਤਾ। ਉਨ੍ਹਾਂ ਅੰਦਰ ਕੁੜੱਤਣ ਦਾ ਕੋਈ ਨਿਸ਼ਾਨ ਨਹੀਂ ਸੀ, ਜੋ ਉਨ੍ਹਾਂ ਨੂੰ ਸੱਚਮੁੱਚ ਮਹਾਨ ਬਣਾਉਂਦਾ ਹੈ।
ਪਿਛਲੇ 10 ਵਰ੍ਹਿਆਂ ਵਿੱਚ, ਸਾਡੀ ਸਰਕਾਰ ਜਨ ਨਾਇਕ ਕਰਪੂਰੀ ਠਾਕੁਰ ਜੀ ਦੇ ਮਾਰਗ ‘ਤੇ ਚਲੀ ਹੈ, ਜੋ ਸਾਡੀਆਂ ਯੋਜਨਾਵਾਂ ਅਤੇ ਨੀਤੀਆਂ ਤੋਂ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਨਾਲ ਪਰਿਵਰਤਨਕਾਰੀ ਸ਼ਕਤੀਕਰਣ ਆਇਆ ਹੈ। ਸਾਡੀ ਰਾਜਨੀਤੀ ਦੀ ਸਭ ਤੋਂ ਬੜੀ ਤ੍ਰਾਸਦੀ ਇਹ ਰਹੀ ਹੈ ਕਿ ਕਰਪੂਰੀ ਜੀ ਜਿਹੇ ਕੁਝ ਨੇਤਾਵਾਂ ਨੂੰ ਛੱਡ ਕੇ ਸਮਾਜਿਕ ਨਿਆਂ ਦੀ ਮੰਗ ਸਿਰਫ਼ ਰਾਜਨੀਤਕ ਨਾਅਰੇ ਤੱਕ ਹੀ ਸੀਮਿਤ ਰਹੀ।
ਕਰਪੂਰੀ ਜੀ ਦੇ ਵਿਜ਼ਨ ਤੋਂ ਪ੍ਰੇਰਿਤ ਹੋ ਕੇ ਅਸੀਂ ਇਸ ਨੂੰ ਇੱਕ ਪ੍ਰਭਾਵਸ਼ਾਲੀ ਸ਼ਾਸਨ ਮਾਡਲ ਵਜੋਂ ਲਾਗੂ ਕੀਤਾ ਹੈ। ਮੈਂ ਵਿਸ਼ਵਾਸ ਅਤੇ ਮਾਣ ਨਾਲ ਕਹਿ ਸਕਦਾ ਹਾਂ ਕਿ ਜਨ ਨਾਇਕ ਕਰਪੂਰੀ ਠਾਕੁਰ ਜੀ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੇ 25 ਕਰੋੜ ਲੋਕਾਂ ਨੂੰ ਗ਼ਰੀਬੀ ਦੇ ਚੁੰਗਲ ਤੋਂ ਮੁਕਤ ਕਰਨ ਦੇ ਕਾਰਨਾਮੇ ‘ਤੇ ਬਹੁਤ ਮਾਣ ਮਹਿਸੂਸ ਕੀਤਾ ਹੋਵੇਗਾ। ਇਹ ਸਮਾਜ ਦੇ ਸਭ ਤੋਂ ਪਿਛੜੇ ਵਰਗਾਂ ਦੇ ਲੋਕ ਹਨ, ਜਿਨ੍ਹਾਂ ਨੂੰ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਦੇ ਕਰੀਬ ਸੱਤ ਦਹਾਕਿਆਂ ਬਾਅਦ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ ਰੱਖਿਆ ਗਿਆ ਸੀ। ਇਸ ਦੇ ਨਾਲ ਹੀ, ਸੰਤ੍ਰਿਪਤਾ ਵੱਲ ਸਾਡੀਆਂ ਕੋਸ਼ਿਸ਼ਾਂ- ਹਰ ਸਕੀਮ 100% ਕਵਰੇਜ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਸਮਾਜ ਭਲਾਈ ਲਈ ਉਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਅੱਜ, ਜਦੋਂ ਓਬੀਸੀ, ਐੱਸਸੀ ਅਤੇ ਐੱਸਟੀ ਭਾਈਚਾਰਿਆਂ ਦੇ ਲੋਕ ਮੁਦਰਾ ਲੋਨ ਦੇ ਕਾਰਨ ਉੱਦਮੀ ਬਣ ਰਹੇ ਹਨ, ਇਹ ਕਰਪੂਰੀ ਠਾਕੁਰ ਜੀ ਦੇ ਆਰਥਿਕ ਸੁਤੰਤਰਤਾ ਦੇ ਸੰਕਲਪ ਨੂੰ ਪੂਰਾ ਕਰਦਾ ਹੈ। ਇਸੇ ਤਰ੍ਹਾਂ, ਇਹ ਸਾਡੀ ਸਰਕਾਰ ਸੀ ਜਿਸ ਨੂੰ ਐੱਸਸੀ, ਐੱਸਟੀ ਅਤੇ ਓਬੀਸੀ ਰਾਖਵਾਂਕਰਣ ਵਧਾਉਣ ਦਾ ਸਨਮਾਨ ਮਿਲਿਆ। ਸਾਨੂੰ ਓਬੀਸੀ ਕਮਿਸ਼ਨ ਦੀ ਸਥਾਪਨਾ ਦਾ ਮਾਣ ਵੀ ਮਿਲਿਆ (ਦੁਖ ਦੀ ਗੱਲ ਹੈ ਕਿ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ), ਜੋ ਕਿ ਕਰਪੂਰੀ ਜੀ ਦੇ ਦਰਸਾਏ ਮਾਰਗ ‘ਤੇ ਚਲ ਰਿਹਾ ਹੈ। ਸਾਡੀ ਪ੍ਰਧਾਨ ਮੰਤਰੀ-ਵਿਸ਼ਵਕਰਮਾ ਯੋਜਨਾ ਭਾਰਤ ਭਰ ਵਿੱਚ ਓਬੀਸੀ ਭਾਈਚਾਰਿਆਂ ਨਾਲ ਸਬੰਧਿਤ ਕਰੋੜਾਂ ਲੋਕਾਂ ਲਈ ਸਮ੍ਰਿੱਧੀ ਦੇ ਨਵੇਂ ਰਾਹ ਵੀ ਲਿਆਵੇਗੀ।
ਖ਼ੁਦ ਪਿਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਵਿਅਕਤੀ ਹੋਣ ਦੇ ਨਾਤੇ, ਮੈਂ ਜਨ ਨਾਇਕ ਕਰਪੂਰੀ ਠਾਕੁਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ।
ਬਦਕਿਸਮਤੀ ਨਾਲ, ਅਸੀਂ 64 ਵਰ੍ਹਿਆਂ ਦੀ ਮੁਕਾਬਲਤਨ ਛੋਟੀ ਉਮਰ ਵਿੱਚ ਕਰਪੂਰੀ ਜੀ ਨੂੰ ਗੁਆ ਦਿੱਤਾ। ਅਸੀਂ ਉਨ੍ਹਾਂ ਨੂੰ ਉਦੋਂ ਗੁਆ ਦਿੱਤਾ ਜਦੋਂ ਸਾਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ। ਫਿਰ ਵੀ ਉਹ ਆਪਣੇ ਕੰਮ ਕਰਕੇ ਕਰੋੜਾਂ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚ ਵਸੇ ਹੋਏ ਹਨ। ਉਹ ਸੱਚੇ ਲੋਕ ਨਾਇਕ ਸਨ!
ਨਰੇਂਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ
#primeministerofindia #pmnarendramodi #Kapoorithakurji #Kapoorithakurjijjayanti