ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਅੱਜ ਦੂਜੇ ਦਿਨ ਵੱਡੀ ਗਿਣਤੀ ਸੰਗਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਣੇ ਹੋਰ ਗੁਰਦੁਆਰਿਆਂ ਵਿੱਚ ਨਤਮਸਤਕ ਹੋਈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਪਰਿਵਾਰ ਸਣੇ ਪੈਦਲ ਯਾਤਰਾ ਕਰ ਕੇ ਗੁਰੂ ਘਰਾਂ ਵਿੱਚ ਮੱਥਾ ਟੇਕਿਆ, ਉੱਥੇ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਲੰਘੀ ਦੇਰ ਰਾਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ।
ਜੋੜ ਮੇਲ ਦੇ ਦੂਜੇ ਦਿਨ ਅੱਜ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚੋਂ ਕੋਈ ਵੀ ਟਿੱਪਰ ਅਤੇ ਰੇਤੇ ਨਾਲ ਭਰੀ ਟਰੈਕਟਰ-ਟਰਾਲੀ ਨਹੀਂ ਲੰਘਣ ਦਿੱਤੀ ਕਿਉਂਕਿ ਬੀਤੇ ਦਿਨ ਜੋੜ ਮੇਲ ਦੇ ਪਹਿਲੇ ਦਿਨ ਸ਼ਹਿਰ ਵਿੱਚ ਵੱਡੇ ਟਿੱਪਰਾਂ ਦੇ ਆਉਣ-ਜਾਣ ਕਾਰਨ ਸੰਗਤ ਨੂੰ ਕਾਫੀ ਪ੍ਰੇਸ਼ਾਨੀ ਹੋਈ ਸੀ ਤੇ ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵੱਲੋਂ ਅੱਜ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵੱਡੀਆਂ ਗੱਡੀਆਂ ਦਾ ਲਾਂਘਾ ਬੰਦ ਕਰ ਕੇ ਬਦਲਵਾਂ ਰਸਤਾ ਕੱਢਿਆ ਗਿਆ।
ਇਲਾਕੇ ਦੀਆਂ ਟੁੱਟੀਆਂ ਸੜਕਾਂ ਅਤੇ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਿਹਾ ਹਾਈਵੇਅ ਵੀ ਸੰਗਤ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਸ਼ਹੀਦੀ ਜੋੜ ਮੇਲ ਸਬੰਧੀ ਉੱਘੇ ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਵਿੱਚ ਇੱਕ ਵਫਦ ਨੇ ਇੱਥੋਂ ਦੇ ਐਸਡੀਐਮ ਅਮਰੀਕ ਸਿੰਘ ਸਿੱਧੂ ਨੂੰ ਮਿਲ ਕੇ ਸ਼ਹੀਦੀ ਜੋੜ ਮੇਲ ਦੇ ਦਿਨਾਂ ਦੌਰਾਨ ਤਹਿਸੀਲ ਚਮਕੌਰ ਸਾਹਿਬ ਦੇ ਸਕੂਲਾਂ ਵਿੱਚ ਛੁੱਟੀ ਕਰਨ ਦੀ ਮੰਗ ਕੀਤੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੁੱਟੀ ਨਾ ਕਰਨ ਕਰ ਕੇ ਇਲਾਕਾ ਨਿਵਾਸੀਆਂ ਵਿੱਚ ਰੋਸ ਹੈ।