ਸੁਪਰੀਮ ਕੋਰਟ ਨੇ ਲੋਕ ਸਭਾ ਤੋਂ ਆਪਣੀ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲੀ ਟੀਐੱਮਸੀ ਆਗੂ ਮਹੂਆ ਮੋਇਤਰਾ ਦੀ ਪਟੀਸ਼ਨ ’ਤੇ ਸੁਣਵਾਈ ਅੱਜ ਅਗਲੇ ਸਾਲ ਤਿੰਨ ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਲੋਕ ਸਭਾ ਦੀ ਸਦਾਚਾਰ ਕਮੇਟੀ ਦੀ ਰਿਪੋਰਟ ਮਨਜ਼ੂਰ ਕੀਤੇ ਜਾਣ ਮਗਰੋਂ ਲੰਘੇ ਸੋਮਵਾਰ ਨੂੰ ਟੀਐੱਮਸੀ ਆਗੂ ਨੂੰ ਸਦਨ ’ਚੋਂ ਬਰਖਾਸਤ ਕੀਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਮੋਇਤਰਾ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਸਦਾਚਾਰ ਕਮੇਟੀ ਦੀ ਰਿਪੋਰਟ ’ਚ ਮੋਇਤਰਾ ਨੂੰ ‘ਪੈਸੇ ਲੈ ਕੇ ਸਵਾਲ ਪੁੱਛਣ’ ਦੇ ਮਾਮਲੇ ਵਿੱਚ ਅਨੈਤਿਕ ਵਤੀਰੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦਿਆਂ ਹੀ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐੱਸਵੀਐੱਨ ਭੱਟੀ ਦੇ ਬੈਂਚ ਨੇ ਮੋਇਤਰਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੂੰ ਦੱਸਿਆ ਕਿ ਉਸ ਨੇ ਮਾਮਲੇ ਦੀ ਫਾਈਲ ਨਹੀਂ ਦੇਖੀ ਹੈ ਅਤੇ ਬੈਂਚ ਸਰਦੀਆਂ ਦੀਆਂ ਛੁੱਟੀਆਂ ਮਗਰੋਂ ਇਸ ’ਤੇ ਸੁਣਵਾਈ ਕਰਨਾ ਚਾਹੁੰਦਾ ਹੈ ਜੋ ਤਿੰਨ ਜਨਵਰੀ ਨੂੰ ਖਤਮ ਹੋਣਗੀਆਂ।