ਭਾਰਤੀ ਹਵਾਈ ਸੈਨਾ ਦੇ ਸਭ ਤੋਂ ਮਸ਼ਹੂਰ ਚੀਤਾ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਯਮੁਨਾਨਗਰ ਦੇ ਛਛਰੌਲੀ ਥਾਣਾ ਖੇਤਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿੱਚ ਫੌਜ ਦੇ ਤਿੰਨ ਜਵਾਨ ਸਵਾਰ ਸਨ, ਜਿਹੜੇ ਕਿ ਸੁਰੱਖਿਅਤ ਹਨ। ਇਸ ਐਮਰਜੈਂਸੀ ਲੈਂਡਿੰਗ ਕਾਰਨ ਵੱਡੀ ਗਿਣਤੀ ’ਚ ਪਿੰਡ ਵਾਸੀ ਵੀ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਵੱਲੋਂ ਸੂਚਨਾ ਮਿਲਣ ’ਤੇ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਛਛਰੌਲੀ ਥਾਣਾ ਇੰਚਾਰਜ ਨੇ ਪੂਰੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਕੰਟਰੋਲ ਹੇਠ ਰੱਖਿਆ। ਇਸ ਦੌਰਾਨ ਹੈਲੀਕਾਪਟਰ ‘ਚ ਸਵਾਰ ਅਧਿਕਾਰੀਆਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਇੱਕ ਹੋਰ ਹੈਲੀਕਾਪਟਰ ਉੱਥੇ ਪਹੁੰਚਿਆ ਅਤੇ ਮਾਹਿਰਾਂ ਨੇ ਤਕਨੀਕੀ ਖਰਾਬੀ ਨੂੰ ਠੀਕ ਕੀਤਾ। ਤਕਨੀਕੀ ਨੁਕਸ ਦੂਰ ਕੀਤੇ ਜਾਣ ਮਗਰੋਂ ਦੋਵੇਂ ਹੈਲੀਕਾਪਟਰ ਇੱਥੋਂ ਰਵਾਨਾ ਹੋ ਗਏ।

