ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹਵਾਲਗੀ ਲਈ ਅਮਰੀਕਾ ਤੋਂ ਸਹਾਇਤਾ ਮੰਗੀ ਹੈ। ਸਰਕਾਰ ਨੇ ਪੰਨੂ ਵੱਲੋਂ ਸੰਸਦ ’ਤੇ ਹਮਲਾ ਕਰਨ ਦੀਆਂ ਧਮਕੀਆਂ ਦੇ ਨਾਲ-ਨਾਲ ਵਿਦੇਸ਼ ’ਚ ਲੋਕਾਂ ਨੂੰ ਏਅਰ ਇੰਡੀਆ ਦੀਆਂ ਉਡਾਣਾਂ ’ਤੇ ਚੜ੍ਹਨ ਤੋਂ ਰੋਕਣ ਦੀਆਂ ਅਪੀਲਾਂ ਕਰਨ ਲਈ ਅਮਰੀਕਾ ਅਤੇ ਕੈਨੇਡਾ ਕੋਲ ਆਪਣੀ ਫਿਕਰਮੰਦੀ ਜਤਾਈ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਭਾਰਤ ਨੇ ਅਮਰੀਕਾ ਤੋਂ ਪੰਨੂ ਨੂੰ ਗ੍ਰਿਫ਼ਤਾਰ ਕਰਨ ਅਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ ਤਾਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ,‘‘ਕਾਨੂੰਨ ਦੀ ਉਲੰਘਣਾ ਕਰਨ ਲਈ ਪੰਨੂ ਸਾਡੀਆਂ ਏਜੰਸੀਆਂ ਨੂੰ ਲੋੜੀਂਦਾ ਹੈ। ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਅਸੀਂ ਸਹਾਇਤਾ ਦੀ ਮੰਗ ਕਰਦੇ ਹਾਂ। ਭਾਰਤ ’ਚ ਕੀਤੇ ਗਏ ਅਪਰਾਧਾਂ ਲਈ ਉਸ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਪੰਨੂ ਦੀ ਹਵਾਲਗੀ ਲਈ ਬੇਨਤੀਆਂ ਕੀਤੀਆਂ ਗਈਆਂ ਹਨ।’’ ਪੰਨੂ ’ਤੇ ਪੰਜਾਬ ’ਚ ਦੇਸ਼ਧ੍ਰੋਹ, ਦੰਗੇ ਭੜਕਾਉਣ ਅਤੇ ਦਹਿਸ਼ਤ ਫੈਲਾਉਣ ਦੇ ਦੋ ਦਰਜਨ ਮਾਮਲੇ ਦਰਜ ਹਨ। ਹਾਲਾਂਕਿ, ਇੰਟਰਪੋਲ ਨੇ ਪੰਨੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਭਾਰਤ ਦੀ ਬੇਨਤੀ ਨੂੰ ਦੋ ਵਾਰ ਨਕਾਰ ਦਿੱਤਾ ਹੈ। ਪੰਨੂ ਵੱਲੋਂ ਸੰਸਦ ’ਤੇ ਹਮਲੇ ਦੀ ਤਾਜ਼ਾ ਧਮਕੀ ਬਾਰੇ ਤਰਜਮਾਨ ਨੇ ਕਿਹਾ ਕਿ ਉਹ ਪ੍ਰਸੰਗ ਦੇ ਆਧਾਰ ’ਤੇ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ‘ਸੰਸਦ ’ਤੇ ਹਮਲੇ ਦੀ ਧਮਕੀ ਦੇ ਮਾਮਲੇ ਵਿੱਚ ਅਸੀਂ ਅਜਿਹੇ ਕੱਟੜਪੰਥੀਆਂ ਨੂੰ ਤਵੱਜੋ ਨਹੀਂ ਦੇਣਾ ਚਾਹੁੰਦੇ ਹਾਂ ਜੋ ਸਿਰਫ਼ ਸੁਰਖੀਆਂ ਲੈਣ ਲਈ ਅਜਿਹੀਆਂ ਧਮਕੀਆਂ ਦਿੰਦੇ ਹਨ। ਅਸੀਂ ਇਹ ਮਾਮਲਾ ਅਮਰੀਕਾ ਅਤੇ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਇਆ ਹੈ।’ ਬਾਗਚੀ ਨੇ ਕਿਹਾ ਕਿ ਐੱਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਦੀ ਅਗਲੇ ਹਫ਼ਤੇ ਭਾਰਤ ਫੇਰੀ ਪਹਿਲਾਂ ਤੋਂ ਤੈਅ ਸੀ।

