ਕਾਂਗਰਸ ਨੇ ਕ੍ਰਿਕਟ ਵਿਸ਼ਵ ਕੱਪ ’ਚ ਆਸਟਰੇਲੀਆ ਤੋਂ ਹਾਰ ਮਿਲਣ ਮਗਰੋਂ ਪ੍ਰਧਾਨ ਮੰਤਰੀ ਵੱਲੋਂ ਡਰੈਸਿੰਗ ਰੂਮ ’ਚ ਭਾਰਤੀ ਕ੍ਰਿਕਟ ਖਿਡਾਰੀਆਂ ਨਾਲ ਕੀਤੀ ਮੁਲਾਕਾਤ ਦੀ ਵੀਡੀਓ ਅੱਜ ਸਾਂਝੀ ਕਰਨ ਮਗਰੋਂ ਪ੍ਰਧਾਨ ਮੰਤਰੀ ਨੂੰ ‘ਡਰਾਮੇ ਦਾ ਮਾਹਿਰ’ ਕਰਾਰ ਦਿੱਤਾ ਤੇ ਕਿਹਾ ਕਿ ਇਹ ਸਭ ਕੁਝ ਯੋਜਨਾਬੱਧ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ, ‘‘ਮਾਸਟਰ ਆਫ ਡਰਾਮਾ ਇਨ ਇੰਡੀਆ’ ਵੱਲੋਂ ਖੁਦ ’ਤੇ ਕੇਂਦਰਿਤ ਤੇ ਕੋਰੀਓਗ੍ਰਾਫ ਕੀਤੀ ਗਈ ਤਸੱਲੀ ਦੇਣ ਵਾਲੀ ਵੀਡੀਓ ਨੇ ਬੀਤੇ ਦਿਨ ਜਾਰੀ ਕੀਤੀਆਂ ਗਈਆਂ ਤਸਵੀਰਾਂ ਪਿਛਲੀ ਜ਼ਿੱਦ ਪੂਰੀ ਤਰ੍ਹਾਂ ਸਾਹਮਣੇ ਲਿਆ ਦਿੱਤੀ ਹੈ। ਚਿਹਰਾ ਬਚਾਉਣ ਦੀ ਕਵਾਇਦ ਪੁੱਠੀ ਪੈ ਗਈ ਹੈ। ਭਾਰਤ ਦੇ ਨੌਜਵਾਨ ਅਜਿਹੀਆਂ ਹਰਕਤਾਂ ਨਾਲ ਮੂਰਖ ਨਹੀਂ ਬਣਨਗੇ।