ਅੰਮ੍ਰਤਿਸਰ, 10 ਨਵੰਬਰ
ਸੂਬੇ ਵਿੱਚ ਅੱਜ ਵੱਡੇ ਤੜਕੇ ਸ਼ੁਰੂ ਹੋਇਆ ਮੀਂਹ ਕਿਸੇ ਲਈ ਰਾਹਤ ਅਤੇ ਕਿਸੇ ਲਈ ਆਫ਼ਤ ਬਣ ਕੇ ਵਰ੍ਹਿਆ। ਦਿਨ ਭਰ ਰੁਕ-ਰੁਕ ਕੇ ਪਏ ਮੀਂਹ ਕਾਰਨ ਸੂਬੇ ਵਿੱਚ ਧੁਆਂਖੀ ਧੁੰਦ ਦੀ ਲੋਈ ਤੋਂ ਰਾਹਤ ਮਿਲੀ ਪਰ ਮੰਡੀਆਂ ਵਿੱਚ ਪਿਆ ਝੋਨਾ ਅਤੇ ਖੇਤਾਂ ’ਚ ਖੜ੍ਹੀ ਝੋਨੇ ਦੀ ਫ਼ਸਲ ਨੁਕਸਾਨੀ ਜਾਣ ਕਾਰਨ ਕਿਸਾਨ ਦੇ ਚਿਹਰੇ ਉੱਤਰ ਗਏ। ਦਿਨ ਭਰ ਬੱਦਲਵਾਈ ਮਗਰੋਂ ਪਾਰਾ ਥੱਲੇ ਡਿੱਗ ਗਿਆ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਠੰਢ ਵਧ ਗਈ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਅੰਮ੍ਰਤਿਸਰ ਵਿੱਚ 9.2 ਐੱਮਐੱਮ ਅਤੇ ਸ਼ਾਮ ਵੇਲੇ 10 ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰੋਪੜ ਵਿੱਚ 15.5 ਐੱਮਐੱਮ, ਬਲਾਚੌਰ ਵਿੱਚ 9 ਐੱਮਐੱਮ, ਨੂਰਮਹਿਲ ਵਿੱਚ 9.5 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਪਟਿਆਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਪਠਾਨਕੋਟ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਅੱਜ ਅੰਮ੍ਰਤਿਸਰ ਵਿੱਚ ਘੱਟੋ-ਘੱਟ ਤਾਪਮਾਨ 15.9 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 18.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 10 ਡਿਗਰੀ ਥੱਲੇ ਸੀ। ਮੀਂਹ ਨੇ ਤਿਉਹਾਰਾਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ, ਜਿਸ ਕਾਰਨ ਕਈ ਥਾਈਂ ਲੋਕਾਂ ਨੂੰ ਭਾਰੀ ਆਵਾਜਾਈ ਜਾਮ ਕਾਰਨ ਖੱਜਲ-ਖੁਆਰ ਹੋਣਾ ਪਿਆ। ਅੰਮ੍ਰਤਿਸਰ ਪ੍ਰਦੂਸ਼ਣ ਕੰਟਰੋਲ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਮਗਰੋਂ ਏਅਰ ਕੁਆਲਿਟੀ ਇੰਡੈਕਸ ਹੇਠਾਂ ਆਇਆ ਹੈ ਪਰ ਇਸ ਵਿੱਚ ਅਜੇ ਵੀ ਹੋਰ ਸੁਧਾਰ ਦੀ ਲੋੜ ਹੈ। ਅੱਜ ਏਕਿਊਆਈ 239 ਤੋਂ ਘੱਟ ਕੇ 209 ’ਤੇ ਪੁੱਜ ਗਿਆ। ਹਵਾ ਪ੍ਰਦੂਸ਼ਣ ਘਟਣ ਕਾਰਨ ਲੋਕਾਂ ਨੂੰ ਧੁਆਂਖੀ ਧੁੰਦ ਤੋਂ ਰਾਹਤ ਮਿਲੀ।