ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਇਕ ਨਵੀਂ ਵੀਡੀਓ ਇੰਟਰਨੈੱਟ ‘ਤੇ ਸਾਹਮਣੇ ਆਈ ਹੈ, ਜਿਸ ‘ਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ-ਫਲਸਤੀਨ ਜੰਗ ਤੋਂ ਸਿੱਖਣ ਦੀ ਧਮਕੀ ਦੇ ਰਿਹਾ ਹੈ। ਅਮਰੀਕਾ ਸਥਿਤ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (ਐਸਐਫਜੇ) ਦਾ ਮੁਖੀ ਪੰਨੂ ਵੀਡੀਓ ਵਿੱਚ ਕਹਿ ਰਿਹਾ ਹੈ, ‘ਪੰਜਾਬ ਤੋਂ ਲੈ ਕੇ ਫਲਸਤੀਨ ਤੱਕ ਗ਼ੈਰ-ਕਾਨੂੰਨੀ ਕਬਜ਼ੇ ਹੇਠ ਰਹਿ ਰਹੇ ਲੋਕ ਪ੍ਰਤੀਕਿਰਿਆ ਦੇਣਗੇ ਅਤੇ ਹਿੰਸਾ ਦਾ ਜਵਾਬ ਹਿੰਸਾ ਹੋਵੇਗਾ।’
ਗੁਰਪਤਵੰਤ ਸਿੰਘ ਪੰਨੂ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਨੇ ਪੰਜਾਬ ‘ਤੇ ‘ਕਬਜ਼ਾ’ ਕਰਨਾ ਜਾਰੀ ਰੱਖਿਆ ਤਾਂ ‘ਪ੍ਰਤੀਕਿਰਿਆ’ ਹੋਵੇਗੀ ਅਤੇ ‘ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਇਸ ਦੇ ਜ਼ਿੰਮੇਵਾਰ ਹੋਣਗੇ।’ ਉਨ੍ਹਾਂ ਕਿਹਾ ਕਿ SFJ ‘ਬੈਲਟ ਅਤੇ ਬੁਲੇਟ’ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਦਾਅਵਾ ਕੀਤਾ ਕਿ ‘ਪੰਜਾਬ ਦੀ ਆਜ਼ਾਦੀ ਨਿਸ਼ਚਿਤ ਹੈ’। ਆਪਣੇ ਵੀਡੀਓ ਸੰਦੇਸ਼ ‘ਚ ਪੰਨੂ ਕੈਮਰੇ ਵੱਲ ਇਸ਼ਾਰਾ ਕਰਦਾ ਹੋਇਆ ਕਹਿ ਰਿਹਾ ਹੈ, ‘ਬੈਲਟ ਜਾਂ ਬੁਲੇਟ? ਚੋਣ ਦਾ ਫੈਸਲਾ ਭਾਰਤ ਨੇ ਕਰਨਾ ਹੈ।” ਸੰਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ SFJ ਕੈਨੇਡਾ ਵਿੱਚ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਬਦਲਾ ਲਵੇਗੀ।
ਪੰਨੂ ਦਾ ਇਹ ਵੀਡੀਓ ਗੁਜਰਾਤ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਆਈਸੀਸੀ ਵਿਸ਼ਵ ਕੱਪ 2023 ਕ੍ਰਿਕਟ ਮੈਚ ਤੋਂ ਪਹਿਲਾਂ ਧਮਕੀਆਂ ਦੇਣ ਅਤੇ ਅਹਿਮਦਾਬਾਦ ਵਿੱਚ ਇੱਕ ਐਫਆਈਆਰ ਦਰਜ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ।
ਸਮਾਚਾਰ ਏਜੰਸੀ ਏਐਨਆਈ ਨੇ ਅਹਿਮਦਾਬਾਦ ਸਾਈਬਰ ਕ੍ਰਾਈਮ ਦੇ ਡੀਸੀਪੀ ਅਜੀਤ ਰਾਜਿਆਨ ਦੇ ਹਵਾਲੇ ਨਾਲ ਕਿਹਾ ਕਿ ਉਸ ਦੇ ਪਹਿਲਾਂ ਤੋਂ ਰਿਕਾਰਡ ਕੀਤੇ ਧਮਕੀ ਭਰੇ ਸੰਦੇਸ਼ ਕਈ ਸੋਸ਼ਲ ਮੀਡੀਆ ਹੈਂਡਲਾਂ ‘ਤੇ ਭੇਜੇ ਗਏ ਸਨ।