ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਦੇ ਘੱਟੋ-ਘੱਟ ਪੰਜ ਸਟੇਸ਼ਨਾਂ ‘ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖਣ ਦਾ ਮਾਮਲਾ ਸੁਲਝਾ ਲਿਆ ਹੈ। ਸਪੈਸ਼ਲ ਸੈੱਲ ਦੇ ਪੁਲਿਸ ਕਮਿਸ਼ਨਰ ਐਚਜੀ ਧਾਲੀਵਾਲ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ‘ਤੇ ਮੋਟੀ ਰਕਮ ਲੈ ਕੇ ਕੰਧਾਂ ‘ਤੇ ਖਾਲਿਸਤਾਨ ਪੱਖੀ ਪੇਂਟਿੰਗ ਕੀਤੀ ਸੀ।
ਪੁਲੀਸ ਨੇ ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ਦੇ ਚਾਰ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਹੋਰ ਨੂੰ ਹਿਰਾਸਤ ’ਚ ਲਿਆ ਹੈ। ਪੁਲੀਸ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਮੁਲਜ਼ਮਾਂ ਨੇ ਇਹ ਕਾਰਵਾਈ ਪਾਬੰਦੀਸ਼ੁਦਾ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ਾਂ ’ਤੇ ਕੀਤੀ ਸੀ। ਪੁਲੀਸ ਮੁਤਾਬਕ ਇਸ ਮਾਮਲੇ ’ਚ ਪ੍ਰੀਤ ਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਰਾਜਵਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਤੇ ਦਿੱਲੀ ਪਹੁੰਚਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ 27 ਅਗਸਤ ਨੂੰ ਸ਼ਿਵਾਜੀ ਪਾਰਕ, ਮਾਦੀਪੁਰ, ਪੱਛਮ ਵਿਹਾਰ, ਉਦਯੋਗ ਨਗਰ ਅਤੇ ਮਹਾਰਾਜਾ ਸੂਰਜਮਲ ਸਟੇਡੀਅਮ ਮੈਟਰੋ ਸਟੇਡੀਅਮ ਦੀਆਂ ਕੰਧਾਂ ਅਤੇ ਇੱਕ ਸਰਕਾਰੀ ਸਕੂਲ ਦੀ ਕੰਧ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਮਿਲੇ ਸਨ। ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਐੱਚ.ਜੀ.ਐੱਸ. ਧਾਲੀਵਾਲ ਨੇ ਦੱਸਿਆ, ‘‘ਉਹ (ਮੁਲਜ਼ਮ) 26 ਅਗਸਤ ਨੂੰ ਦਿੱਲੀ ਪਹੁੰਚੇ ਅਤੇ ਰਾਤ ਨੂੰ ਕੰਧਾਂ ’ਤੇ ਨਾਅਰੇ ਲਿਖੇ। ਅਗਲੇ ਦਿਨ ਉਹ ਵਾਪਸ ਪੰਜਾਬ ਚਲੇ ਗਏੇ। ਉਨ੍ਹਾਂ ਨੇ ਰੰਗ (ਪੇਂਟ) ਪੰਜਾਬ ਦੇ ਬਰਨਾਲਾ ਤੋਂ ਖਰੀਦਿਆ ਸੀ।’’
ਅਜਿਹੀ ਘਟਨਾ 26 ਜਨਵਰੀ ਤੋਂ ਪਹਿਲਾਂ ਵੀ ਵਾਪਰੀ ਸੀ, ਜਦੋਂ ਖਾਲਿਸਤਾਨੀ ਪੇਂਟਿੰਗ ਕੀਤੀ ਗਈ ਸੀ, ਜਿਸ ਵਿਚ ਵਿਕਰਮਜੀਤ ਨਾਂ ਦੇ ਇਕ ਦੋਸ਼ੀ ਅਤੇ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।