ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ’ਚ ਹੋਣ ਵਾਲੇ ਇਕ ਦਿਨਾਂ ਵਿਸ਼ਵ ਕੱਪ ਮੁਕਾਬਲੇ ਨੂੰ 15 ਅਕਤੂਬਰ ਨੂੰ ਨਵਰਾਤਰੇ ਦਾ ਪਹਿਲਾ ਦਿਨ ਹੋਣ ਕਾਰਨ ਮੈਚ ਨੂੰ ਇਕ ਦਿਨ ਪਹਿਲਾਂ ਭਾਵ 14 ਅਕਤੂਬਰ ਨੂੰ ਕਰਵਾਇਆ ਜਾ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦਰਸ਼ਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਅਤੇ ਬੀਸੀਸੀਆਈ ਨੇ ਪਿਛਲੇ ਮਹੀਨੇ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਅਤੇ ਇਸ ਮੈਚ ਦੀ ਮੇਜ਼ਬਾਨੀ ਕਰਨ ਲਈ ਅਹਿਮਦਾਬਾਦ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਨੂੰ ਚੁਣਿਆ ਸੀ। ਉਦੋਂ ਤੋਂ ਅਹਿਮਦਾਬਾਦ ਲਈ ਹਵਾਈ ਕਿਰਾਏ ਅਤੇ ਹੋਟਲ ਦੇ ਰੇਟ ਅਸਮਾਨ ਨੂੰ ਛੂਹਣ ਲੱਗੇ। ਹੁਣ ਜੇ ਮੈਚ ਇੱਕ ਦਿਨ ਪਹਿਲਾਂ ਕਰਵਾਇਆ ਜਾਂਦਾ ਹੈ ਤਾਂ ਦਰਸ਼ਕਾਂ ਦੀਆਂ ਮੁਸ਼ਕਲਾਂ ਖਾਸੀਆਂ ਵੱਧ ਜਾਣਗੀਆਂ। ਬੀਸੀਸੀਆਈ ਦੇ ਸੂਤਰ ਨੇ ਕਿਹਾ, ‘15 ਅਕਤੂਬਰ ਨਵਰਾਤਰੇ ਦਾ ਪਹਿਲਾ ਦਿਨ ਹੈ। ਸੁਰੱਖਿਆ ਏਜੰਸੀਆਂ ਨੇ ਰਾਏ ਦਿੱਤੀ ਹੈ ਕਿ ਮੈਚ ਇਕ ਦਿਨ ਪਹਿਲਾਂ ਕਰਵਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਲਈ ਵੀ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨਾ ਹੋਵੇਗਾ।’ ਆਈਸੀਸੀ ਦੇ ਸੂਤਰ ਨੇ ਕਿਹਾ,‘ਇਸ ‘ਤੇ ਚਰਚਾ ਕਰਨੀ ਪਵੇਗੀ। ਜੇ ਕੋਈ ਬਦਲਾਅ ਕਰਨਾ ਹੈ ਤਾਂ ਇਸ ‘ਤੇ ਚਰਚਾ ਕੀਤੀ ਜਾਵੇਗੀ।’ ਪਤਾ ਲੱਗਾ ਹੈ ਕਿ ਮੈਚ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੀ ਹੋਵੇਗਾ ਪਰ ਇਸ ਦੇ ਬਾਵਜੂਦ ਦਰਸ਼ਕਾਂ ਨੂੰ ਆਪਣਾ ਪ੍ਰੋਗਰਾਮ ਤਾਂ ਬਦਲਣਾ ਹੀ ਪਵੇਗਾ।