ਸੈਂਕੜੇ ਏਕੜ ਜ਼ਮੀਨ ਯਮੁਨਾ ਨਦੀ ’ਚ ਸਮਾਈ; ਲੋਕਾਂ ਦੀ ਮਦਦ ਲਈ ਫੌਜ ਬੁਲਾਈ
ਯਮੁਨਾਨਗਰ, 14 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਹਰਿਆਣਾ ਦੇ ਯਮੁਨਾਨਗਰ ਦੇ ਟਾਪੂ ਕਮਾਲਪੁਰ ਵਿੱਚ ਜ਼ਮੀਨ ਦਾ ਧੱਸਣਾ ਲਗਾਤਾਰ ਜਾਰੀ ਹੈ, ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਯਮੁਨਾ ਨਦੀ ਵਿੱਚ ਚਲੀ ਗਈ ਹੈ। ਪਿੰਡ ਵਾਸੀ ਖੁਦ ਮਿੱਟੀ ਦੇ ਖੋਰੇ ਨੂੰ ਰੋਕਣ ਲਈ ਯਤਨਸ਼ੀਲ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਰਾਦੌਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਕਰਨ ਦੇਵ ਕੰਬੋਜ ਖੁਦ ਪਿੰਡ ਵਾਸੀਆਂ ਨਾਲ ਦਰੱਖਤਾਂ ਦੀ ਕਟਾਈ ਕਰ ਦੇ ਨਜ਼ਰ ਆਏ। ਮਿੱਟੀ ਦੇ ਖੋਰੇ ਨੂੰ ਰੋਕਣ ਲਈ ਦਰੱਖਤਾਂ ਨੂੰ ਜੋੜ ਕੇ ਯਮੁਨਾ ਦੇ ਕਿਨਾਰਿਆਂ ਤੇ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਜ਼ਿਲ੍ਹਾ ਅਧਕਾਰੀਆਂ ਨਾਲ ਪਿੰਡ ਟਾਪੂ ਕਮਾਲਪੁਰ ਪਹੁੰਚੇ ਅਤੇ ਪਿੰਡ ਵਾਸੀਆਂ ਲੋਕਾਂ ਤੋਂ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਯਮੁਨਾ ਦਾ ਵਹਾਅ ਲਗਾਤਾਰ ਵਧ ਰਿਹਾ ਹੈ ਆਬਾਦੀ ਇਸ ਜਗ੍ਹਾ ਤੋਂ ਦੂਰ ਨਹੀਂ ਹੈ ਇਸ ਕਰਕੇ ਚੌਕਸੀ ਲਈ ਫੌਜ ਨੂੰ ਬੁਲਾਇਆ ਗਿਆ ਹੈ। ਸਾਬਕਾ ਮੰਤਰੀ ਕਰਨ ਦੇਵ ਕੰਬੋਜ ਨੇ ਦੱਸਿਆ ਕਿ ਟਾਪੂ ਕਮਾਲਪੁਰ ਯਮੁਨਾ ਦੇ ਬਿਲਕੁਲ ਨਾਲ ਲਗਦਾ ਹੈ ਇਸ ਦੇ ਕਿਨਾਰੇ ਤੋਂ ਥੋੜ੍ਹੀ ਦੂਰੀ ’ਤੇ ਆਬਾਦੀ ਸ਼ੁਰੂ ਹੋ ਜਾਂਦੀ ਹੈ, ਜ਼ਮੀਨ ’ਚ ਪੈ ਰਹੇ ਪਾੜ ਲਗਾਤਾਰ ਪਿੰਡ ਵੱਲ ਵਧ ਰਹੇ ਹੈ। ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਨੇ ਲੋਕਾਂ ਨੂੰ ਨਦੀਆਂ, ਸੋਮ ਨਦੀ, ਪਥਰਾਲਾ ਨਦੀ ਅਤੇ ਹੋਰ ਓਵਰਫਲੋਅ ਹੋ ਰਹੇ ਨਾਲਿਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਇਸ ਨਾਲ ਜਾਨ ਮਾਲ ਦਾ ਖਤਰਾ ਹੋ ਸਕਦਾ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਹਰਿਆਣਾ ਪ੍ਰਦੇਸ਼ ਦੇ ਲੋਕ ਜਲਦੀ ਹੀ ਇਸ ਸੰਕਟ ਤੋਂ ਬਾਹਰ ਆ ਜਾਣਗੇ ਅਤੇ ਰਾਹਾ ਦਾ ਕੰਮ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ।
Post Views: 49