ਚੰਡੀਗੜ੍ਹ, 6 ਜੁਲਾਈ ((ਪ੍ਰੈਸ ਕੀ ਤਾਕਤ ਬਿਊਰੋ )) : ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਇੰਜੀ. ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਬਹੁਤ ਹੀ ਸੁਲਝੇ ਹੋਏ ਅਤੇ ਜਨਤਾ ਨਾਲ ਜੁੜੇ ਹੋਏ ਸਿਆਸਤਦਾਨ ਹਨ। ਉਨ੍ਹਾਂ ਕੇਂਦਰੀ ਲੀਡਰਸ਼ਿਪ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਇਸ ਲਈ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੀ ਨਿਯੁਕਤੀ ਤੋਂ ਬਾਅਦ ਅੱਜ ਗੁਰੂਨਗਰੀ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਮੱਥਾ ਟੇਕਣ ਦੌਰਾਨ ਕੰਵਰਵੀਰ ਸਿੰਘ ਟੌਹੜਾ ਨੇ ਵੀ ਗੁਰੂ ਚਰਨਾਂ ‘ਚ ਮਥਾ ਟੇਕ ਕੇ ਅਸ਼ੀਰਵਾਦ ਲਿਆ।
ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਸੁਨੀਲ ਜਾਖੜ ਦੀ ਅਗਵਾਈ ‘ਚ ਪੰਜਾਬ ‘ਚ ਭਾਜਪਾ ਮਜ਼ਬੂਤ ਹੋਵੇਗੀ, ਕਿਉਂਕਿ ਉਨ੍ਹਾਂ ਕੋਲ ਸਿਆਸਤ ਦਾ ਲੰਮਾ ਤਜਰਬਾ ਹੈ, ਜੋ ਕਿ ਪੰਜਾਬ ਭਾਜਪਾ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾI ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਨਵਾਂ ਜੋਸ਼ ਭਰ ਗਿਆ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੁਨੀਲ ਜਾਖੜ ਦੀ ਅਗਵਾਈ ਵਿੱਚ ਪੰਜਾਬ ਤੋਂ ਇੱਕ ਵਾਰ ਫਿਰ ਜਿੱਤ ਪ੍ਰਾਪਤ ਕਰਕੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।