ਪਾਟਿਆਲਾ : 6 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )ਪਦਾਰਥਵਾਦੀ ਯੁੱਗ ਵਿੱਚ ਹਰ ਇਨਸਾਨ ਦੀ ਦੋੜ ਰਾਤੋਂ ਰਾਤ ਅਮੀਰ ਹੋਣ ਵਿੱਚ ਲੱਗੀ ਹੋਈ ਹੈ ਅਤੇ ਟਾਂਵੇ ਟਾਂਵੇ ਲੋਕਾਂ ਨੇ ਆਪਣੀ ਇਮਾਨਦਾਰੀ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਜਿਸ ਦੀ ਮਿਸਾਲ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ੍ਰ ਬਲਦੇਵ ਸਿੰਘ ਸਰਾਂ ਦੀ ਦਿੰਦਿਆਂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸ੍ਰ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਸ੍ਰ ਸਰਾਂ ਦੀ ਇਮਾਨਦਾਰੀ ਕੁੱਝ ਮਾੜੇ ਅਕਸ਼ ਵਾਲੇ ਲੋਕਾਂ ਦੀ ਅੱਖਾਂ ਵਿੱਚ ਰੜਕ ਰਹੀ ਹੈ। ਸ੍ਰ ਬਹਿਰੂ ਨੇ ਦੱਸਿਆ ਕਿ ਪਾਵਰਕੌਮ ਦੇ ਮਹਿਕਮੇ ਵਿਚ ਲੱਗੀ ਇੱਕ ਸੀਨੀਅਰ ਸਹਾਇਕ ਅਫਸਰ ਮਨਜੀਤ ਕੌਰ ਨੇ ਪਿਛਲੇ ਦਿਨੀਂ ਸ੍ਰ ਬਲਦੇਵ ਸਿੰਘ ਸਰਾਂ ਦੇ ਜੱਦੀ ਪਿੰਡ ਚਾਉਕੇ ਜੋ ਕਿ ਜ਼ਿਲ੍ਹਾ ਬਠਿੰਡਾ ਵਿੱਚ ਪੈਂਦਾ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਬਦਲੀ ਕਰਵਾਉਣ ਲਈ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਪਰਿਵਾਰਕ ਮੈਂਬਰਾਂ ਵੱਲੋਂ ਬਦਲੀ ਕਰਵਾਉਣ ਗਈ ਮਹਿਲਾ ਦੀ ਅਰਜ਼ੀ ਉਸੇ ਵੇਲੇ ਹੀ ਪਾੜ ਦਿੱਤੀ ਅਤੇ ਵਾਪਰੀ ਘਟਨਾ ਬਾਰੇ ਸ੍ਰ ਸਰਾਂ ਨੂੰ ਜਾਣਕਾਰੀ ਦਿੱਤੀ ਜਿਸ ਤੇ ਪਾਵਰਕੌਮ ਦੇ ਚੇਅਰਮੈਨ ਨੇ ਤੁਰੰਤ ਜਾਂਚ ਦੇ ਆਦੇਸ਼ ਦਿੱਤੇ। ਜਾਂਚ ਰਿਪੋਰਟ ਆਉਣ ਤੇ ਮੁਲਾਜ਼ਮ ਮਹਿਲਾ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਸ੍ਰ ਬਹਿਰੂ ਨੇ ਖਦਸ਼ਾ ਜਾਹਿਰ ਕੀਤਾ ਕਿ ਇਸ ਇਮਾਨਦਾਰ ਅਫ਼ਸਰ ਦਾ ਅਕਸ਼ ਖ਼ਰਾਬ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸ੍ਰ ਬਲਦੇਵ ਸਿੰਘ ਸਰਾਂ ਦੀ ਸਰਵਿਸ ਖਤਮ ਹੋਣ ਤੋਂ ਬਾਅਦ ਪਿਛਲੀ ਸਰਕਾਰ ਅਤੇ ਮੌਜੂਦਾ ਸਰਕਾਰ ਨੇ ਇਨ੍ਹਾਂ ਦੀ ਇਮਾਨਦਾਰੀ ਤੇ ਆਪਣੀ ਡਿਊਟੀ ਨੂੰ ਵਫ਼ਾਦਾਰੀ ਨਾਲ ਨਿਭਾਉਣ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ੍ਰ ਸਰਾਂ ਕਿਸਾਨ ਪਰਿਵਾਰ ਵਿੱਚੋ ਹਨ ਅਤੇ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਚੰਗੀ ਤਰ੍ਹਾਂ ਸਮਝ ਰੱਖਦੇ ਹਨ। ਸ੍ਰ ਸਰਾਂ ਦੇ ਪਰਿਵਾਰ ਵੱਲੋਂ ਕਾਇਮ ਰੱਖੀ ਇਮਾਨਦਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਸੀਂ ਸ੍ਰ ਸਰਾਂ ਦੇ ਜੱਦੀ ਪਿੰਡ ਜਾਕੇ ਪਰਿਵਾਰ ਦੇ ਵੱਡੇ ਮੈਂਬਰ ਦਾ ਕਿਸਾਨ ਭਾਈਚਾਰੇ ਵਿੱਚ ਸਨਮਾਨ ਕਰਾਂਗੇ ਤਾਂ ਕਿ ਅਲੋਪ ਹੋ ਰਹੀ ਇਮਾਨਦਾਰੀ ਨੂੰ ਕਾਇਮ ਰੱਖਿਆ ਜਾ ਸਕੇ।