ਸੰਧੀਰ ਗਰਗ, ਜੈਤੋ, 05 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ ): ਐਂਟੀ ਨਾਰਕੋਟਿਕ ਸੈੱਲ ਫ਼ਰੀਦਕੋਟ ਐਂਟ ਕੈਂਪ ਜੈਤੋ ਦੀ ਪੁਲੀਸ ਟੀਮ ਨੇ ਇੱਕ ਨੌਜਵਾਨ ਨੂੰ ਸੱਤ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕਰਨ ਦਾ ਦਾਵਾ ਕੀਤਾ ਹੈ। ਇਸ ਸੰਬੰਧੀ ਜੈਤੋ ਦੇ ਐਂਟੀ ਨਾਰਕੋਟਿਕ ਸੈੱਲ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਕੁਲਬੀਰ ਚੰਦ ਸ਼ਰਮਾ ਨੇ ਦੱਸਿਆ ਕਿ ਸ਼ੱਕੀ ਲੋਕਾਂ ਦੀ ਤਲਾਸੀ ਲਈ ਹੌਲਦਾਰ ਗੁਰਪ੍ਰੀਤ ਸਿੰਘ ਨੇ ਆਪਣੀ ਪੁਲੀਸ ਟੀਮ ਸਮੇਤ ਪਿੰਡ ਦਬੜੀਖਾਨਾ ਦੀ ਡਰੇਨ ਉਪਰ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪਿੰਡ ਦਬੜੀਖਾਨਾ ਤਰਫੋਂ ਤੇਜ ਰਫ਼ਤਾਰ ਮੋਟਰਸਾਈਕਲ ਸਵਾਰ ਨੌਜਵਾਨ ਆ ਰਿਹਾ ਸੀ। ਜਦ ਉਸ ਨੂੰ ਪੁਲੀਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਇਕਦਮ ਮੋਟਰਸਾਈਕਲ ਵਾਪਸ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਅਚਾਨਕ ਬੰਦ ਹੋ ਗਿਆ। ਇਸੇ ਦੌਰਾਨ ਹੀ ਹੌਲਦਾਰ ਗੁਰਪ੍ਰੀਤ ਸਿੰਘ ਨੇ ਪੁਲੀਸ ਟੀਮ ਦੀ ਮੱਦਦ ਨਾਲ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਸਖ਼ਤੀ ਨਾਲ ਪੁੱਛ ਪੜਤਾਲ ਕਰਨ ਤੇ ਨੌਜਵਾਨ ਨੇ ਮੰਨਿਆ ਕਿ 5-6 ਮਹੀਨੇ ਪਹਿਲਾਂ ਮੈਂ ਇਹ ਮੋਟਰ ਸਾਈਕਲ ਬਾਜਾਖਾਨਾ ਰੋਡ ਬਰਾੜ ਪੈਲੇਸ ਦੇ ਨੇੜਿਓ ਚੋਰੀ ਕੀਤਾ ਸੀ। ਹੋਰ ਪੁੱਛਗਿੱਛ ਦੌਰਾਨ ਇਸ ਨੇ ਦੋ ਪਲਟੀਨਾ, ਤਿੰਨ ਸਪਲੈਂਡਰ ਤੇ ਦੋ ਐਚ ਐਫ ਡੀਲਕਸ ਸਮੇਤ ਕੁੱਲ 7 ਮੋਟਰਸਾਈਕਲ ਚੋਰੀ ਕਰਨ ਦੀ ਗੱਲ ਕਬੂਲੀ। ਮੁਲਜ਼ਮ ਦੀ ਪਹਿਚਾਣ ਜਗਜੀਤ ਸਿੰਘ ਉਰਫ ਲਾਲੀ ਪੁੱਤਰ ਸੁਖਮੰਦਰ ਸਿੰਘ ਉਰਫ ਜੱਗਾ ਪਿੰਡ ਫਤਿਹਗੜ੍ਹ ਦਬੜੀਖਾਨਾ ਦੇ ਰੂਪ ਵਿੱਚ ਹੋਈ। ਇਸ ਦੇ ਖਿਲਾਫ ਪੁਲੀਸ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਮੁਲਜ਼ਮ ਤੋਂ ਹੋਰ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ। ਇਸ ਵਿਅਕਤੀ ਵਿਰੁੱਧ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ। ਪ੍ਰੈਸ ਕਾਨਫਰੰਸ ਵਿੱਚ ਸਬ ਇੰਸਪੈਕਟਰ ਦਿਲਬਾਗ ਸਿੰਘ, ਸਹਾਇਕ ਥਾਣੇਦਾਰ ਜਸਵੀਰ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ ਮੌਜੂਦ ਸਨ।