ਜਲੰਧਰ,10-05-2023(ਪ੍ਰੈਸ ਕੀ ਤਾਕਤ)– ਜਲੰਧਰ ‘ਚ ਲੋਕ ਸਭਾ ਉਪ ਚੋਣ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਸ ਦੇ ਭਵਿੱਖ ਦਾ ਫੈਸਲਾ ਲੋਕ ਸਭਾ ਹਲਕੇ ਦੇ ਕੁੱਲ 16,21,800 ਵੋਟਰ ਕਰਨਗੇ। ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 1972 ਬੂਥ ਬਣਾਏ ਗਏ ਹਨ। ਜਿੱਥੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਸ਼ਾਹਕੋਟ ਦੇ ਪਿੰਡ ਰੂਪੇਵਾਲ ਵਿਚ ਚੋਣ ਅਮਲ ਦੌਰਾਨ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦ ਪਿੰਡ ਵਿਚ ਘੁੰਮ ਰਹੇ ਹਲਕਾ ਬਾਬਾ ਬਕਾਲਾ ਦੇ ਆਪ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਘੇਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ਵਿੱਚ 8,44,904 ਪੁਰਸ਼ ਵੋਟਰ ਅਤੇ 7,76,855 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 41 ਤੀਜੇ ਲਿੰਗ ਦੇ ਵੋਟਰ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਅਤੇ ਕੇਵਲ ਔਰਤਾਂ ਲਈ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਗੁਲਾਬ ਦੇਵੀ ਰੋਡ ‘ਤੇ ਸਥਿਤ ਪਿੰਗਲਵਾੜਾ ਵਿਖੇ ਵਿਸ਼ੇਸ਼ ਬੂਥ ਬਣਾਇਆ ਗਿਆ ਹੈ |