ਲੁਧਿਆਣਾ,30ਮਾਰਚ(ਪ੍ਰੈਸ ਕੀ ਤਾਕਤ)– ਮੁੱਖ ਮੰਤਰੀ ਭਗਵੰਤ ਮਾਨ ਦੀ ਅਮਰੀਕਾ ’ਚ ਰਹਿਣ ਵਾਲੀ ਧੀ ਸੀਰਤ ਕੌਰ ਨੂੰ ਖਾਲਿਸਤਾਨ ਸਮਰਥਕਾਂ ਨੇ ਧਮਕੀ ਭਰੇ ਫੋਨ ਕੀਤੇ ਹਨ। ਇਹ ਗੱਲ ਪਟਿਆਲਾ ਦੀ ਰਹਿਣ ਵਾਲੀ ਇਕ ਐਡਵੋਕੇਟ ਨੇ ਆਪਣੀ ਫੇਸਬੁੱਕ ਪੋਸਟ ’ਤੇ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਆਪਣੇ ਦੋ ਬੱਚਿਆਂ ਨਾਲ ਵਿਦੇਸ਼ ’ਚ ਰਹਿੰਦੀ ਹੈ। ਐਡਵੋਕੇਟ ਹਰਪ੍ਰੀਤ ਕੌਰ ਬਰਾੜ ਨੇ ਫੇਸਬੁਕ ’ਤੇ ਧਮਕੀ ਭਰੇ ਫੋਨ ਦਾ ਵਿਰੋਧ ਕਰਦਿਆਂ ਲਿਖਿਆ, ‘ਬੱਚਿਆਂ ਨੂੰ ਧਮਕੀਆਂ ਦੇਣ ਜਾਂ ਗਾਲ੍ਹਾਂ ਕੱਢਣ ਨਾਲ ਕੀ ਉਨ੍ਹਾਂ ਨੂੰ ਖਾਲਿਸਤਾਨ ਮਿਲ ਜਾਵੇਗਾ। ਪੰਜਾਬੀ ’ਚ ਕੀਤੀ ਗਈ ਪੋਸਟ ’ਚ ਲਿਖਿਆ, ‘ਕਦੇ ਤੁਸੀਂ ਇੰਟਰਨੈੱਟ ਮੀਡੀਆ ’ਤੇ ਕਹਿੰਦੇ ਹੋ ਕਿ ਅਮਰੀਕਾ ’ਚ ਭਗਵੰਤ ਮਾਨ ਦੇ ਪਰਿਵਾਰ ਦੇ ਘਰ ਦਾ ਘਿਰਾਓ ਕਰਾਂਗੇ। ਦੂਜੇ ਪਾਸੇ ਗੁਰੂਘਰ ’ਚ ਮਤਾ ਪਾਸ ਕਰਦੇ ਹੋ…ਕੱਲ੍ਹ ਹੱਦ ਹੀ ਹੋ ਗਈ, ਜਦੋਂ ਬੱਚੀ ਨੂੰ ਫੋਨ ਕਰ ਕੇ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ ਗਈਆਂ। ਤੁਹਾਡੀਆਂ ਇਨ੍ਹਾਂ ਹਰਕਤਾਂ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਪਵੇਗਾ। ਜੇ ਤੁਹਾਡੇ ’ਚ ਹਿੰਮਤ ਹੈ ਤਾਂ ਭਗਵੰਤ ਮਾਨ ਕੋਲ ਜਾ ਕੇ ਘੇਰੋ ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਦਾ ਦਮ ਦਿਖਾਓ। ਬੱਚਿਆਂ ਨੂੰ ਡਰਾ ਕੇ ਕਿਹੜਾ ਤੁਹਾਨੂੰ ਖਾਲਿਸਤਾਨ ਮਿਲ ਜਾਵੇਗਾ। ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਮਰੀਕਾ ’ਚ ਇੰਦਰਪ੍ਰੀਤ ਕੌਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਧਮਕੀਆਂ ਮਿਲ ਰਹੀਆਂ ਹਨ।