ਚੰਡੀਗੜ੍ਹ: 10 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ), ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ‘ਆਪ’ ਆਗੂਆਂ ਨੂੰ ਜੰਬੋ ਸਕਿਓਰਿਟੀ ਦਾ ਆਨੰਦ ਮਾਨਣ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸੁਰੱਖਿਆ ਨਾ ਲੈਣ ਅਤੇ ਵੀ.ਆਈ.ਪੀ ਕਲਚਰ ਖਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਅੱਜ ਖੁਦ ਜੰਬੋ ਸੁਰੱਖਿਆ ਦਾ ਆਨੰਦ ਮਾਣ ਰਹੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੇਕਰ ਕਿਸੇ ਨੇ ਧੋਖਾ ਕੀਤਾ ਹੈ ਤਾਂ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਸ ਦੀ ਕਹਿਣੀ ਤੇ ਕਥਨੀ ‘ਚ ਬਹੁਤ ਅੰਤਰ ਹੈ। ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਦੋਵੇਂ ਚੁਟਕਲੇ ਸੁਣਾਉਂਦੇ ਸਨ ਕਿ ਵਿਰੋਧੀ ਪਾਰਟੀਆਂ ਦੇ ਆਗੂ ਵੱਡੀਆਂ-ਵੱਡੀਆਂ ਸਕਿਉਰਿਟੀ ਲੈ ਕੇ ਘੁੰਮਦੇ ਹਨ ਅਤੇ ਦੋਵੇਂ ਹੀ ਕਹਿੰਦੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਵੀਆਈਪੀ ਕਲਚਰ ਖ਼ਤਮ ਕਰ ਦਿੱਤਾ ਜਾਵੇਗਾ। ਪਰ ਅਫਸੋਸ ਦੀ ਗੱਲ ਹੈ ਕਿ ਦੋਵੇਂ ਆਪਣੀ ਗੱਲ ਤੋਂ ਮੁਕਰ ਗਏ ਅਤੇ ਅੱਜ ਦੋਵੇਂ ਹੀ ਉਸੇ ਰਸਤੇ ‘ਤੇ ਚੱਲ ਰਹੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਵੀ ਜੰਬੋ ਸੁਰੱਖਿਆ ਵਿਚ ਰਹਿੰਦੇ ਹਨ ਅਤੇ ਪੰਜਾਬ ਪੁਲਿਸ ਦੇ 90 ਤੋਂ ਵੱਧ ਜਵਾਨ ਅਰਵਿੰਦਰ ਕੇਜਰੀਵਾਲ ਦੀ ਸੁਰੱਖਿਆ ਵਿਚ ਵੀ ਤਾਇਨਾਤ ਕੀਤੇ ਗਏ ਹਨ। ਇੰਨਾ ਹੀ ਨਹੀਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਦੀ ਸੁਰੱਖਿਆ ਵਧਾ ਕੇ ਜੰਬੋ ਸੁਰਖਿਆ ਕਰਦੇ ਹੋਏ 40 ਤੋਂ ਵਧ ਜਵਾਨ ਤੈਨਾਤ ਕਰ ਦਿੱਤੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਡਰ ਦੇ ਮਾਹੌਲ ਵਿੱਚ ਜੀਅ ਰਹੇ ਹਨ। ਪੰਜਾਬ ਵਿੱਚ ਰੋਜ਼ਾਨਾ ਕਿਤੇ ਨਾ ਕਿਤੇ ਕਤਲ, ਫਿਰੌਤੀ ਦੀਆਂ ਘਟਨਾਵਾਂ, ਲੁੱਟ-ਖੋਹ ਆਦਿ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਜਨਤਾ ਪਰੇਸ਼ਾਨ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਰਾਮ ਭਰੋਸੇ ਛੱਡ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦਾ ਪਰਿਵਾਰ, ਕੇਜਰੀਵਾਲ ਅਤੇ ਹੋਰ ‘ਆਪ’ ਆਗੂ ਸੱਤਾ ਦਾ ਆਨੰਦ ਮਾਣਨ ਵਿੱਚ ਲੱਗੇ ਹੋਏ ਹਨ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।