ਪਟਿਆਲਾ, 20 ਜਨਵਰੀ (ਪ੍ਰੈਸ ਕੀ ਤਾਕਤ ਬਿਊਰੋ)- ਬੀਬਾ ਜੈ ਇੰਦਰ ਕੌਰ ਦੇ ਭਾਜਪਾ ਸੂਬਾ ਮੀਤ ਪ੍ਰਧਾਨ ਬਣਨ ਦੇ ਬਾਅਦ ਤੋਂ ਪਟਿਆਲਾ ਜ਼ਿਲ੍ਹੇ ਵਿੱਚ ਲੋਕਾਂ ਦਾ ਭਾਜਪਾ ਨਾਲ ਜੁੜਨ ਦਾ ਦੌਰ ਜਾਰੀ ਹੈ। ਇਸੇ ਸਿਲਸਲੇ ਨੂੰ ਅੱਗੇ ਤੋਰਦਿਆਂ ਅੱਜ ਪਟਿਆਲਾ ਦਿਹਾਤੀ (ਦੱਖਣ) ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜਿਆ ਜਿਨ੍ਹਾਂ ਨੂੰ ਜੈ ਇੰਦਰ ਕੌਰ ਨੇ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਿਲ ਕੀਤਾ।
ਇਸ ਮੌਕੇ ‘ਤੇ ਭਾਜਪਾ ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ, ਸੀਨੀਅਰ ਨੇਤਾ ਸੁਰਿੰਦਰ ਖੇੜਕੀ, ਜ਼ਿਲ੍ਹਾ ਮੀਤ ਪ੍ਰਧਾਨ ਅਮਰਿੰਦਰ ਢੋਟ ਅਤੇ ਯੁਵਾ ਮੋਰਚਾ ਪ੍ਰਧਾਨ ਰਣਜੋਧ ਸਿੰਘ ਮੌਜੂਦ ਸਨ।
ਰਸਮੀ ਸਵਾਗਤ ਤੋਂ ਬਾਅਦ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, “ਮੈਨੂੰ ਤੁਹਾਨੂੰ ਸਾਰਿਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਮੈਂ ਤੁਹਾਨੂੰ ਸਾਰੀਆਂ ਨੂੰ ਵੀ ਵਧਾਈ ਦਿੰਦੀ ਹਾਂ। ਤੁਸੀਂ ਸਾਡੇ ਨੌਜਵਾਨ ਹੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਤੁਹਾਡੇ ਸੁਨਿਹਰੀ ਭਵਿੱਖ ਨੂੰ ਯਕੀਨੀ ਬਣਾਉਣ ਲਈ ਭਾਜਪਾ ਪਹਿਲੇ ਵੀ ਕੰਮ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।”
ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰਦਿਆਂ ਭਾਜਪਾ ਆਗੂ ਨੇ ਅੱਗੇ ਕਿਹਾ, “ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਪੰਜਾਬ ਦੇ ਹਾਲਾਤ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹਨ, ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਦਾ ਵਪਾਰੀ ਵੀ ਪੰਜਾਬ ਛੱਡਕੇ ਦੂਜੇ ਰਾਜਾਂ ਵਿੱਚ ਜਾ ਰਹੇ ਹਨ। ਇਸ ਲਈ ਸਾਨੂੰ ਅੱਜ ਲੋੜ ਹੈ ਕਿ ਸਾਡੇ ਨੌਜਵਾਨ ਮੂਹਰੇ ਹੋਕੇ ਇਨ੍ਹਾਂ ਸਾਰੀਆਂ ਮੁੱਦਿਆਂ ਨੂੰ ਚੁੱਕਣ ਅਤੇ ਸਰਕਾਰ ਨੂੰ ਉਨ੍ਹਾਂ ਦੀ ਅਸਲੀਯਤ ਦਿਖਾਉਣ।”
ਇਸ ਮੌਕੇ ‘ਤੇ ਭਾਜਪਾ ਪਟਿਆਲਾ ਦਿਹਾਤੀ (ਦੱਖਣ) ਦੀ ਟੀਮ ਤੋਂ ਮੁਨੀਸ਼ ਰੌਕੀ ਜਨਰਲ ਸੈਕਟਰੀ, ਗੌਰਵ ਜਲੂਟਾ ਜਨਰਲ ਸੈਕਟਰੀ, ਸਿਕੰਦਵੀਰ ਜਿੰਦਲ, ਵਿਨੋਦ ਸਿੰਗਲਾ ਸਰਕਲ ਪ੍ਰਧਾਨ, ਬਰਿੰਦਰ ਬਿੱਟੂ ਐੱਸ.ਸੀ ਪ੍ਰਧਾਨ ਮੋਰਚਾ, ਇੰਦਰਪਾਲ ਚੀਮਾ, ਰੋਸ਼ਨ ਜਿੰਦਲ ਮੀਤ ਪ੍ਰਧਾਨ, ਸੰਜੀਵ ਗਰਗ ਸੈਕਟਰੀ, ਪਵਨ ਗਰਗ ਸੈਕਟਰੀ, ਅਲੀ ਸ਼ਾਹ ਡਕਾਲਾ ਆਦਿ ਸ਼ਾਮਿਲ ਸਨ, ਜਿਨ੍ਹਾਂ ਨੇ ਹੈਰੀ ਮਾਹਲ ਕੋਰਜੀਵਾਲ ਅਤੇ ਉਹਨਾਂ ਦੀ ਟੀਮ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ।