ਪੰਜਾਬੀ ਯੂਨੀਵਰਸਿਟੀ, ਪਟਿਆਲਾ,2023/01/15(ਪ੍ਰੈਸ ਕੀ ਤਾਕਤ ਬਿਊਰੋ ): ਨਿੰੰਮ੍ਹ ਦੀਆਂ ਨਮੋਲ਼ੀਆਂ ਵਿੱਚੋਂ ਨਿੱਕਲ਼ਦਾ ਤੇਲ ਕਿਸ ਤਰੀਕੇ ਨਾਲ ਡੀਜ਼ਲ ਵਾਂਗ ਕੰਮ ਕਰ ਸਕਦਾ ਹੈ, ਇਸ ਨੁਕਤੇ ਨੂੰ ਸਮਝਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿਖੇ ਇੱਕ ਖੋਜ ਕੀਤੀ ਗਈ ਹੈ। ਖੋਜਾਰਥੀ ਮਯੰਕ ਛਾਬੜਾ ਵੱਲੋਂ ਨਿਗਰਾਨ ਪ੍ਰੋ. ਬਲਰਾਜ ਸਿੰਘ ਸੈਣੀ ਅਤੇ ਸਹਿ-ਨਿਗਰਾਨ ਡਾ. ਗੌਰਵ ਦਵਿਵੇਦੀ ਦੀ ਅਗਵਾਈ ਵਿੱਚ ‘ਨਿੰਮ ਬਾਇਓਡੀਜ਼ਲ ਦਾ ਉਤਪਾਦਨ ਅਤੇ ਅਨੁਕੂਲਨ’ ਵਿਸ਼ੇ ਉੱਤੇ ਕੀਤੇ ਗਏ ਇਸ ਖੋਜ ਕਾਰਜ ਵਿੱਚ ਇਹ ਜਾਣਨ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਨਿੰਮ ਦੀਆਂ ਨਮੋਲ਼ੀਆਂ ਵਿੱਚੋਂ ਨਿੱਕਲਣ ਵਾਲ਼ਾ ਤੇਲ ਕਿਸ ਤਰੀਕੇ ਨਾਲ਼ ਅਤੇ ਕਿੰਨੇ ਕੁ ਢੁਕਵੇਂ ਤਰੀਕੇ ਨਾਲ਼ ਡੀਜ਼ਲ ਵਾਂਗ ਈਂਧਣ ਵਜੋਂ ਕਾਰਗਰ ਸਾਬਿਤ ਹੋ ਸਕਦਾ ਹੈ।
ਖੋਜ ਨਿਗਰਾਨ ਡਾ. ਬਲਰਾਜ ਸਿੰਘ ਸੈਣੀ ਵੱਲੋਂ ਇਸ ਖੋਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਾਹਨਾਂ ਵਿੱਚ ਵਰਤਿਆ ਜਾਂਦਾ ਡੀਜ਼ਲ ਤੇਲ ਧਰਤੀ ਵਿੱਚੋਂ ਨਿੱਕਲਣ ਵਾਲੇ ਖਣਿਜ ਤੇਲ ਨੂੰ ਸੋਧ ਕੇ ਬਣਾਇਆ ਜਾਂਦਾ ਹੈ ਜੋ ਕਿ ਇੱਕ ਨਾ-ਨਵਿਆਉਣਯੋਗ ਸੋਮਾ ਹੈ ਭਾਵ ਕਦੇ ਨਾ ਕਦੇ ਖ਼ਤਮ ਹੋ ਜਾਣਾ ਹੈ। ਇਸ ਲਈ ਅੱਜਕਲ੍ਹ ਕੁੱਝ ਦਰਖ਼ਤਾਂ ਤੋਂ ਪੈਦਾ ਹੋਣ ਵਾਲੇ ਬਾਇਓ ਤੇਲ ਨੂੰ ਸੋਧ ਕੇ ਇਸ ਵਿੱਚ ਡੀਜ਼ਲ ਜਿੰਨੀ ਸਮਰਥਾ ਪੈਦਾ ਕੀਤੇ ਜਾਣ ਦੀ ਦਿਸ਼ਾ ਵਿੱਚ ਖੋਜ ਦੀ ਬਹੁਤ ਲੋੜ ਹੈ। ਉਨ੍ਹਾਂ ਦੱਸਿਆ ਕਿ ਨਿੰਮ੍ਹ, ਮਹੂਆ, ਕਰੰਜਾ, ਪੋਂਗਮੀਆ, ਜਟਰੋਫਾ, ਸਾਲ ਆਦਿ ਜਿਹੇ ਰੁੱਖਾਂ ਦੇ ਫਲ਼ਾਂ ਵਿੱਚ ਇਸ ਪੱਖੋਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਤਾਜ਼ਾ ਖੋਜ ਵਿੱਚ ਨਿੰਮ੍ਹ ਦੇ ਫਲ਼ ਨਮੋਲ਼ੀ ਵਿੱੋਚਂ ਨਿੱਕਲਣ ਵਾਲੇ ਤੇਲ ਨੂੰ ਸੋਧ ਕੇ ਅਜਿਹਾ ਡੀਜ਼ਲਨੁਮਾ ਈਂਧਣ ਬਣਾਇਆ ਗਿਆ ਅਤੇ ਫਿਰ ਇਸ ਪੈਦਾ ਕੀਤੇ ਗਏ ਤੇਲ ਵਿਚਲੀਆਂ ਵੱਖ-ਵੱਖ ਸੰਭਾਵਨਾਵਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਸਿੱਟੇ ਕੱਢੇ ਗਏ ਕਿ ਉਹ ਕਿਸ ਤਰੀਕੇ ਅਤੇ ਕਿੰਨੀ ਕੁ ਸਮਰਥਾ ਨਾਲ਼ ਵਾਹਨ ਇੰਜਣਾਂ ਵਿੱਚ ਸਮਰੱਥ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖਣਿਜ ਤੇਲਾਂ ਦੀ ਵਰਤੋਂ ਦਾ ਇੱਕ ਨੁਕਸਾਨ ਇਹ ਵੀ ਹੁੰਦਾ ਹੈ ਕਿ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਢੰਗਾਂ ਅਤੇ ਵਿਧੀਆਂ ਰਾਹੀਂ ਧਰਤੀ ਦੀਆਂ ਅੰਦਰੂਨੀ ਪਰਤਾਂ ਵਿੱਚ ਫਸੀ ਹੋਈ ਬਹੁਤ ਸਾਰੀ ਕਾਰਬਨਡਾਈਆਕਸਾਈਡ ਵੀ ਵਾਤਾਵਰਣ ਵਿੱਚ ਸ਼ਾਮਿਲ ਹੋ ਜਾਂਦੀ ਹੈ। ਅਜਿਹਾ ਹੋਣ ਨਾਲ ਧਰਤੀ ਦੇ ਵਾਤਾਵਰਣ ਵਿੱਚ ਕਾਰਬਨਡਾਈਆਕਸਾਈਡ ਦੀ ਮਾਤਰਾ ਲਗਾਤਾਰ ਵਧ ਰਹੀ ਹੈ ਅਤੇ ਗਲੋਬਲ ਵਾਰਮਿੰਗ ਜਿਹੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਖੋਜਾਰਥੀ ਮਯੰਕ ਛਾਬੜਾ ਵੱਲੋਂ ਦੱਸਿਆ ਗਿਆ ਕਿ ਖੋਜ ਦੌਰਾਨ ਨਮੋਲ਼ੀਆਂ ਵਿੱਚੋਂ ਪੈਦਾ ਕੀਤੇ ਗਏ ਤੇਲ ਨੂੰ ਅਧਾਰ ਬਣਾ ਕੇ ਬਹੁਤ ਸਾਰੇ ਪ੍ਰਯੋਗ ਕੀਤੇ ਗਏ ਜਿਨ੍ਹਾਂ ਦੇ ਅਧਾਰ ਉੱਤੇ ਇਸ ਤੇਲ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਸਾਹਮਣੇ ਆਈਆਂ ਅਤੇ ਸਿੱਧ ਹੋਇਆ ਕਿ ਇਸ ਦੇ ਇੱਕ ਵਿਸ਼ੇਸ਼ ਮਿਸ਼ਰਣ ਨੂੰ ਆਮ ਵਰਤੋਂ ਵਾਲ਼਼ੇ ਡੀਜ਼ਲ ਤੇਲ ਵਿੱਚ ਰਲ਼ਾਅ ਕੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਵਿਆਪਕ ਪ੍ਰਯੋਗਤਾਮਕ ਜਾਂਚ ਦੌਰਾਨ ਇਹ ਸਿੱਧ ਹੋਇਆ ਹੈ ਕਿ ਮੋਟਰ-ਵਾਹਨਾਂ ਦੇ ਇੰਜਣ ਲਈ ਇਹ ਮਿਸ਼ਰਣ ਇੱਕ ਢੁਕਵਾਂ ਸਾਬਿਤ ਹੋ ਸਕਦਾ ਹੈ ਜਿਸ ਨਾਲ਼ ਇੰਜਣ ਵਿੱਚ ਕੋਈ ਵਿਗਾੜ ਪੈਦਾ ਨਹੀਂ ਹੁੰਦਾ। ਇਸ ਅਧਾਰ ਉੱਤੇ ਨਿੰੰਮ੍ਹ ਦੇ ਤੇਲ ਦੇ ਅਜਿਹੇ ਵਿਸ਼ੇਸ਼ ਮਿਸ਼ਰਣਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜੋ ਖਣਿਜ ਤੇਲ ਨਾਲ ਮਿਲ ਕੇ ਇੱਕ ਸਮਰੱਥ ਈਂਧਣ ਬਣ ਸਕਣ ਦੀਆਂ ਸੰਭਾਵਨਾਵਾਂ ਨੂੰ ਯਕੀਨੀ ਬਣਾਉਂਦੇ ਹਨ।