ਚੰਡੀਗੜ, 1 ਜੁਲਾਈ (ਪ੍ਰੈਸ ਕੀ ਤਾਕਤ ਬਿਓਰੋ) : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਅੱਤ ਦੀ ਗਰਮੀ ਵਿਚ ਵੀ ਚੋਣਾਂ ਦੀ ਗਰਮੀ ਸਾਫ ਦੇਖੀ ਜਾ ਰਹੀ ਹੈ। ਜਿੱਥੇ ਪੰਜਾਬ ਦੀ ਰਾਜਨੀਤੀ ਵਿਚ ਪਿਛਲੇ ਮਹੀਨੇ ਤੋਂ ਲਗਾਤਾਰ ਸੁਖਬੀਰ ਬਾਦਲ ਐਕਟਿਵ ਦਿਖਾਈ ਦੇ ਰਹੇ ਹਨ ਉਥੇ ਹੀ ਕੇਜਰੀਵਾਲ ਨੇ ਵੀ 300 ਯੁਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕਰਕੇ ਸਿਆਸੀ ਭੁਚਾਲ ਲਿਆ ਦਿਤਾ ਹੈ। ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਨਾਲ ਮੁਲਾਕਾਤ ਕਰਕੇ ਪੰਜਾਬ ਕਾਂਗਰਸ ਵਿਚ ਤੁਫਾਨ ਦੇ ਸੰਕੇਤ ਦੇ ਦਿਤੇ ਹਨ। ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਆਪਣੇ ਕੰਮ ਕਰਕੇ ਆਪਣੇ ਸਥਾਨਕ ਕਾਂਗਰਸੀ ਲੀਡਰਾਂ ਤੱਕ ਆਪਣੀ ਪਕੜ ਬਣਾ ਕੇ “ਸਾਡਾ ਨਾਅਰਾ, ਕੈਪਟਨ ਦੁਬਾਰਾ” ਦੇ ਸਲੋਗਨ ਨੂੰ ਸਾਕਾਰ ਕਰਨ ਦੀ ਜੁਗਤ ਵਿਚ ਹਨ।
ਜਿਸਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰੀ ਖੇਤਰਾਂ ਤੋਂ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਲਈ ਅਤੇ ਆਪਣੀ ਪ੍ਰਤੀਕ੍ਰਿਆ ਦੇਣ ਲਈ ਬੈਠਕ ਕੀਤੀ। ਸਥਾਨਕ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਦਾ ਉਨ੍ਹਾਂ ਦੇ ਕੀਤੇ ਚੰਗੇ ਕੰਮਾਂ ਲਈ ਧੰਨਵਾਦ ਕੀਤਾ ਜੋ ਉਨ੍ਹਾਂ ਦੀ ਅਗਵਾਈ ਹੇਠ ਵਿਸ਼ੇਸ਼ ਕਰਕੇ ਸ਼ਹਿਰੀ ਖੇਤਰਾਂ ਵਿਚ ਕੀਤੇ ਜਾ ਰਹੇ ਹਨ। ਉਥੇ ਹੀ ਇਸ ਗੱਲ ‘ਤੇ ਵੀ ਚਿੰਤਨ ਹੋਇਆ ਕਿ ਕਿਵੇਂ ‘ਸਾਡਾ ਨਾਅਰਾ, ਕੈਪਟਨ ਦੁਬਾਰਾ’ ਨੂੰ ਸਾਕਾਰ ਕੀਤਾ ਜਾ ਸਕਦਾ ਹੈ।

