
ਭਾਰਤ ਇੱਕ ਅਜਿਹਾ ਦੇਸ਼ ਹੈ ਜਿਸਦੇ ਨਾਗਰਿਕਾਂ ਵਿੱਚ ਸਮਾਜ ਸੇਵਾ ਦਾ ਜ਼ਜ਼ਬਾ ਬੇਹੱਦ ਭਰਿਆ ਹੋਇਆ ਹੈ। ਭਾਰਤ ਵਿੱਚ ਸਮਾਜ ਸੇਵਾ ਨੂੰ ਮੁੱਖ ਰੱਖਦੇ ਹੋਏ ਕੁਝ ਅਜਿਹੀਆਂ ਸਵੈ-ਇੱਛੁਕ ਸੰਸਥਾਵਾਂ ਹਨ, ਜੋ ਖੂਨ ਪਲਾਜ਼ਮਾ ਦਾਨ ਕਰਨ ਦਾ ਕੰਮ ਕਰ ਰਹੀਆਂ ਹਨ। ਇਥੋਂ ਤੱਕ ਕਿ ਕੁਝ ਲੋਕਾਂ ਨੇ ਖੂਨ ਪਲਾਜ਼ਮਾ ਦੀ ਸਹੂਲਤ ਨਾਲ ਆਪਣੇ ਮਰੀਜ਼ਾਂ ਨੂੰ ਲਾਭ ਵੀ ਪਹੁੰਚਾਇਆ ਹੈ। ਕੁਝ ਅਮਰੀਕਾ ’ਚ ਰਹਿਣ ਵਾਲੇ ਭਾਰਤੀਆਂ ਵਲੋਂ ਕੋਰੋਨਾ ਵਾਇਰਸ ਪੀੜਤਾਂ ਲਈ ਖੂਨ ਪਲਾਜ਼ਮਾ ਦੀ ਵਿਵਸਥਾ ਕਰਨ ਲਈ ਕਈ ਸੰਸਥਾਵਾਂ ਬਣਾਈਆਂ ਗਈਆਂ ਹਨ ਕਿਉਂਕਿ ਇਹ ਇਕ ਥੈਰੇਪੀ ਹੈ, ਜੋ ਕਈ ਬਹੁਕੀਮਤੀ ਜ਼ਿੰਦਗੀਆਂ ਨੂੰ ਬਚਾ ਸਕਦੀ ਹੈ। ਭਾਰਤ ’ਚ ਨਿਸ਼ਚਿਤ ਤੌਰ ’ਤੇ ਭਾਰਤੀ ਰੈੱਡ ਕ੍ਰਾਸ ਸੰਸਥਾ ਹੈ, ਜੋ ਲੋਕਾਂ ਨੂੰ ਖੂਨ ਪਲਾਜ਼ਮਾ ਲਈ ਪ੍ਰੇਰਿਤ ਕਰ ਰਹੀ ਹੈ, ਜੋ ਲੋਕ ਇਸ ਬੀਮਾਰੀ ਨਾਲ ਸਫਲਤਾਪੂਰਵਕ ਲੜ ਕੇ ਠੀਕ ਹੋ ਗਏ ਹਨ, ਉਹ ਉਨ੍ਹਾਂ ਰੋਗੀਆਂ ਲਈ ਆਪਣਾ ਪਲਾਜ਼ਮਾ ਦਾਨ ਕਰਨ, ਜੋ ਅਜੇ ਵੀ ਗੰਭੀਰ ਤੌਰ ’ਤੇ ਪੀੜਤ ਹਨ। ਇਸਦੇ ਨਤੀਜੇ ਵਜੋਂ ਕੁਝ ਹੋਰ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਖੂਨ ਦਾਨ ਵੀ ਕੀਤਾ ਹੈ ਪਰ ਅਜਿਹੇ ਲੋਕ ਉਂਗਲੀਆਂ ’ਤੇ ਗਿਣੇ ਜਾ ਸਕਦੇ ਹਨ, ਜਿਨ੍ਹਾਂ ਨੇ ਸਵੈ-ਇੱਛਾ ਨਾਲ ਤੰਦਰੁਸਤ ਹੋਣ ’ਤੇ ਆਪਣਾ ਪਲਾਜ਼ਮਾ ਦਾਨ ਕੀਤਾ ਹੈ। ਵਰਣਨਯੋਗ ਹੈ ਕਿ ਇਕ ਵਿਅਕਤੀ ਦਾ ਪਲਾਜ਼ਮਾ ਦੋ ਵਿਅਕਤੀਆਂ ਦੀ ਜਾਨ ਬਚਾ ਸਕਦਾ ਹੈ।
ਕੁਝ ਲੋਕਾਂ ਦਾ ਇਹ ਵੀ ਸੋਚਣਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਖੂਨ ਦਾਨ ਕਰਨਾ ਠੀਕ ਨਹੀਂ। ਇਸੇ ਕਾਰਨ ਰਾਜਧਾਨੀ ਦਿੱਲੀ ’ਚ ਬਲੱਡ ਬੈਂਕ ਖਾਲੀ ਪਏ ਹਨ ਕਿਉਂਕਿ ਇਨਫੈਕਸ਼ਨ ਦੇ ਡਰ ਕਾਰਨ ਸਵੈ-ਇੱਛੁਕ ਖੂਨ ਦਾਨ ਕਰਨ ਦੀ ਗਿਣਤੀ ’ਚ ਗਿਰਾਵਟ ਆਈ ਹੈ। ਵਰਣਨਯੋਗ ਹੈ ਕਿ ਦਿੱਲੀ ਸਰਕਾਰ ਨੇ ਵੀ ਕੁਝ ਦਿਨ ਪਹਿਲਾਂ ਖੂਨ ਪਲਾਜ਼ਮਾ ਬੈਂਕ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਪਰ ਅਜਿਹਾ ਨਹੀਂ ਹੈ ਕਿਉਂਕਿ ਪਲਾਜ਼ਮਾ ਸਿਰਫ ਉਹ ਲੋਕ ਦਾਨ ਕਰ ਸਕਦੇ ਹਨ, ਜੋ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਤੰਦਰੁਸਤ ਹੋ ਕੇ ਪਰਤੇ ਹਨ ਅਤੇ ਉਨ੍ਹਾਂ ਨੂੰ ਇਹ ਬੀਮਾਰੀ ਕੁਝ ਸਾਲ ਤਾਂ ਦੁਬਾਰਾ ਨਹੀਂ ਹੋ ਸਕੇਗੀ। ਉਨ੍ਹਾਂ ਦੇ ਖੂਨ ’ਚ ਐਂਟੀ-ਬਾਡੀਜ਼ ਹੈ, ਜੋ ਦੂਸਰਿਆਂ ਨੂੰ ਵੀ ਬਚਾ ਸਕਦੀ ਹੈ ਅਤੇ ਉਨ੍ਹਾਂ ਨੂੰ ਵੀ ਸੁਰੱਖਿਅਤ ਰੱਖ ਸਕਦੀ ਹੈ। ਅਜਿਹੀ ਹਾਲਤ ’ਚ ਖੂਨ ਦਾਨ ਕਰਨ ਤੋਂ ਕਿਨਾਰਾ ਕਰਨਾ ਇੱਕ ਡਰ ਤੋਂ ਵੱਧ ਕੁਝ ਨਹੀਂ। ਜਦਕਿ ਡਾਕਟਰਾਂ ਨੇ ਸਪੱਸ਼ਟ ਤੌਰ ’ਤੇ ਅਨੇਕਾਂ ਨਿਰਦੇਸ਼ ਦਿੱਤੇ ਹਨ ਕਿ ਕਿਹੜੀ ਹਾਲਤ ’ਚ ਕੌਣ-ਕੌਣ ਪਲਾਜ਼ਮਾ ਦਾਨ ਕਰ ਸਕਦਾ ਹੈ।
ਮਾਨਵਤਾ ਦਾ ਸਭ ਤੋਂ ਵੱਡਾ ਧਰਮ ਇਹ ਹੈ ਕਿ ਜੇਕਰ ਜਿੰਦਗੀ ਵਿੱਚ ਕਿਸੇ ਮਨੁੱਖ ਦਾ ਜੀਵਨ ਬਚਾਉਣ ਦਾ ਮੌਕਾ ਆਵੇ ਤਾਂ ਖੁੰਝਣਾ ਨਹੀਂ ਚਾਹੀਦਾ। ਇਹ ਕਹਿਣਾ ਹੈ ਉਸ ਅਮਰੀਕੀ ਔਰਤ ਦਾ, ਜਿਸ ਨੇ ਸਭ ਤੋਂ ਪਹਿਲਾਂ ਤੰਦਰੁਸਤ ਹੋਣ ’ਤੇ ਆਪਣਾ ਪਲਾਜ਼ਮਾ ਦਾਨ ਕੀਤਾ। ਇਸੇ ਸੋਚ ਦੇ ਅਧੀਨ ਨਿਊਯਾਰਕ ਦੇ ਹਸਪਤਾਲਾਂ ’ਚ ਖੂਨ ਦਾਨ ਕਰਨ ਲਈ ਅਨੇਕਾਂ ਨੇ ਆਪਣੇ ਨਾਂ ਰਜਿਸਟਰ ਕਰਵਾਏ ਹੋਏ ਹਨ। ਮਾਨਵਤਾ ਦੀ ਸੇਵਾ ਕਰਨ ਲਈ ਮੋਹਰੀ ਮੰਨੇ ਜਾਂਦੇ ਭਾਰਤ ਦੇ ਲੋਕ ਕੀ ਹੁਣ ਮਨੁੱਖਤਾ ਦੀ ਜਾਨ ਬਣਾਉਣ ਲਈ ਪਲਾਜ਼ਮਾ ਦਾਨ ਕਰਨ ਤੋਂ ਪਿੱਛੇ ਹਟ ਸਕਦੇ ਹਨ?