
ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਥੋੜ੍ਹੀ-ਥੋੜ੍ਹੀ ਦੇਰ ਬਾਅਦ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਕੀਟਾਣੂ ਰਹਿਤ ਕਰਨਾ ਜ਼ਰੂਰੀ ਹੈ। ਕੋਰੋਨਾ ਦੇ ਕਾਰਨ ਇਹਨਾਂ ਦੀ ਮੰਗ ਇੱਕਦਮ ਬਹੁਤ ਜ਼ਿਆਦਾ ਵਧ ਜਾਣ ਤੇ ਜਲਦ ਹੀ ਵੱਡੀ ਗਿਣਤੀ ਵਿੱਚ ਵੱਖ-ਵੱਖ ਕੰਪਨੀਆਂ ਤਾਬੜਤੋੜ ਹੈਂਡ ਸੈਨੇਟਾਈਜ਼ਰ ਬਣਾਉਣ ਲੱਗੀਆਂ ਹਨ।
ਇਸ ਸਬੰਧ ਵਿੱਚ ਸਰਕਾਰ ਨੂੰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੈਸਿਆਂ ਦੇ ਲਾਲਚ ਵਿੱਚ ਕੁਝ ਲੋਕਾਂ ਵੱਲੋਂ ਪਾਬੰਦੀਸ਼ੁਦਾ ਅਤੇ ਸਰੀਰ ਲਈ ਨੁਕਸਾਨਦਾਇਕ ਰਸਾਇਣਕ ਪਦਾਰਥਾਂ ਤੋਂ ਬਣੇ ਨਕਲੀ ਹੈਂਡ ਸੈਨੇਟਾਈਜ਼ਰ ਬਾਜ਼ਾਰ ਵਿੱਚ ਵੱਡੀ ਗਿਣਤੀ ਵਿੱਚ ਉਤਾਰ ਕੇ ਮਹਿੰਗੇ ਭਾਅ ਵਿੱਚ ਵੇਚ ਕੇ ਭੋਲੇ-ਭਾਲੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਇਸਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਮਾਸਕਾਂ ਅਤੇ ਹੈਂਡ ਸੈਨੇਟਾਈਜ਼ਰਾਂ ਨੂੰ ਜ਼ਰੂਰੀ ਵਸਤੂ ਕਾਨੂੰਨ ਦੇ ਘੇਰੇ ਵਿੱਚ ਲਿਆ ਕੇ ਸੂਬਾ ਸਰਕਾਰਾਂ ਨੂੰ ਇਹਨਾਂ ਦੇ ਉਤਪਾਦਨ, ਗੁਣਵੱਤਾ ਅਤੇ ਵੰਡਣ ਦੀ ਨਿਗਰਾਨੀ ਕਰਨ ਦੇ ਅਧਿਕਾਰ ਮੁਹੱਈਆ ਕਰ ਦਿੱਤੇ ਹਨ।
ਸੀ.ਬੀ.ਆਈ. ਵੱਲੋਂ ਇਸ ਬਾਰੇ ਪੁਲਿਸ ਅਤੇ ਸਾਰੇ ਸੂਬਿਆਂ ਨੂੰ ਨਕਲੀ ਸੈਨੇਟਾਈਜ਼ਰ ਦੇ ਨਿਰਮਾਣ ਤੇ ਵਿਕਰੀ ਦੇ ਵਿਰੁੱਧ ਚੌਕਸ ਕਰਨ ਤੋਂ ਬਾਅਦ ਸੂਬਾ ਸਰਕਾਰਾਂ ਵੱਲੋਂ ਨਕਲੀ ਹੈਂਡ ਸੈਨੇਟਾਈਜ਼ਰ ਬਣਾਉਣ ਵਾਲਿਆਂ ਵਿਰੁੱਧ ਛਾਪੇਮਾਰੀ ਅਤੇ ਗ੍ਰਿਫਤਾਰੀ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਗਿਆ ਹੈ।
ਇਸੇ ਦੇ ਅਧੀਨ ਜਿੱਥੇ ਹਰਿਆਣਾ ਵਿੱਚ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਜ਼ਿਆਦਾ ਮੁੱਲ ਤੇ ਵੇਚਣ ਦੇ ਦੋਸ਼ ਵਿੱਚ 21 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 766 ਪ੍ਰਚੂਨ ਅਤੇ ਥੋਕ ਵਪਾਰੀਆਂ ਦੇ ਚਲਾਨ ਕੱਟੇ ਹਨ, ਉਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਵੀ ਹੈਂਡ ਸੈਨੇਟਾਈਜ਼ਰਾਂ ਵਿੱਚ ਖਤਰਨਾਕ ਮੈਥਾਨਾਲ ਦੀ ਵਰਤੋਂ ਦੇ ਸ਼ੱਕ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਅਤੇ ਜਲੰਧਰ ਦੀ ਇੱਕ ਫਰਮ ਦੇ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਹਿਤ ਅਧੀਨ ਕੁਝ ਸਮਾਂ ਪਹਿਲਾਂ ਹਰਿਆਣਾ ਦੇ ਮਾਨੇਸਰ ਵਿੱਚ ਇੱਕ ਨਕਲੀ ਹੈਂਡ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਫੜੀ ਗਈ ਸੀ, ਜਿਸ ਵਿੱਚ ਬਹੁਤ ਹੀ ਜ਼ਹਿਰੀਲੇ ਪਦਾਰਥ ਮੈਥਾਨਾਲ ਦੀ ਵਰਤੋਂ ਨਾਲ ਨਕਲੀ ਹੈਂਡ ਸੈਨੇਟਾਈਜ਼ਰ ਬਣਾਇਆ ਜਾ ਰਿਹਾ ਸੀ। ਇਸ ਨਾਲ ਵਿਅਕਤੀ ਦੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਅਤੇ ਉਸ ਦੀਆਂ ਕਿਡਨੀਆਂ ਵੀ ਫੇਲ੍ਹ ਹੋਣ ਤੋਂ ਇਲਾਵਾ ਖਾਰਸ਼, ਜਲਨ, ਐਗਜ਼ਿਮਾ ਵਰਗੇ ਗੰਭੀਰ ਚਮੜੀ ਰੋਗ ਹੋ ਸਕਦੇ ਹਨ। ਇਸ ਨਾਲ ਖੁਸ਼ਕੀ, ਨੱਕ ਵਿੱਚ ਤਕਲੀਫ, ਹੱਥਾਂ ਵਿੱਚ ਜਲਨ, ਚੱਕਰ, ਉਲਟੀ ਅਤੇ ਛਿੱਕਾਂ ਆਉਣ ਦੇ ਨਾਲ-ਨਾਲ ਸਾਹ ਪ੍ਰਣਾਲੀ ਤੇ ਵੀ ਅਸਰ ਪੈ ਸਕਦਾ ਹੈ।
ਇਹ ਗਰਭਵਤੀ ਔਰਤਾਂ, ਬਜ਼ੁਰਗਾਂ, ਕੁਪੋਸ਼ਿਤ ਲੋਕਾਂ, ਸ਼ਰਾਬੀਆਂ ਅਤੇ ਦਵਾਈਆਂ ਤੇ ਨਿਰਭਰ ਲੋਕਾਂ ਲਈ ਤਾਂ ਹੋਰ ਵੀ ਜ਼ਿਆਦਾ ਹਾਨੀਕਾਰਕ ਹੈ ਅਤੇ ਉਹਨਾਂ ਨੂੰ ਜਾਨ ਦਾ ਖਤਰਾ ਵੀ ਹੋ ਸਕਦਾ ਹੈ।
ਨਕਲੀ ਹੈਂਡ ਸੈਨੇਟਾਈਜ਼ਰਾਂ ਦਾ ਧੰਦਾ ਕਿੰਨਾ ਵਧ ਚੁੱਕਾ ਹੈ, ਇਹ ਇਸੇ ਤੋਂ ਸਪੱਸ਼ਟ ਹੈ ਕਿ ਹਾਲ ਹੀ ਵਿੱਚ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਸੂਬੇ ਵਿੱਚ ਵਿਕਣ ਵਾਲੇ 60 ਤੋਂ ਵੱਧ ਹੈਂਡ ਸੈਨੇਟਾਈਜ਼ਰਾਂ ਦੀ ਜਾਂਚ ਦੇ ਦੌਰਾਨ ਇੱਕ ਪ੍ਰਸਿੱਧ ਬਰਾਂਡ ਦੇ ਹੈਂਡ ਸੈਨੇਟਾਈਜ਼ਰ ਵਿੱਚ ਤਾਂ 95 ਫੀਸਦੀ ਮੈਥਾਨਾਲ ਪਾਇਆ ਗਿਆ।
ਇਸੇ ਤਰ੍ਹਾਂ ਲਗਭਗ 60 ਫੀਸਦੀ ਹੈਂਡ ਸੈਨੇਟਾਈਜ਼ਰਾਂ ਵਿੱਚ ਉਹ ਰਸਾਇਣਿਕ ਤੱਤ ਨਹੀਂ ਪਾਏ ਗਏ, ਜਿਨ੍ਹਾਂ ਦਾ ਵਰਣਨ ਬੋਤਲਾਂ ਦੇ ਲੇਬਲ ਤੇ ਕੀਤਾ ਗਿਆ ਸੀ ਅਤੇ ਵਧੇਰੇ ਨਮੂਨਿਆਂ ਵਿੱਚ ਜ਼ਰੂਰੀ ਰਸਾਇਣਾਂ ਦੀ ਲੋੜੀਂਦੀ ਤੋਂ ਘੱਟ ਮਾਤਰਾ ਪਾਈ ਗਈ।
ਯਕੀਨਨ ਹੀ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਜਦੋਂ ਸਾਰੇ ਲੋਕਾਂ ਨੂੰ ਆਪਣੇ ਆਪਸੀ ਭੇਦਭਾਵ ਅਤੇ ਨਿੱਜੀ ਹਿੱਤ ਤਿਆਗ ਕੇ ਇਸ ਅਦ੍ਰਿਸ਼ ਦੁਸ਼ਮਣ ਦਾ ਇਕੱਠੇ ਹੋ ਕੇ ਮੁਕਾਬਲਾ ਕਰਨ ਦੀ ਲੋੜ ਹੈ, ਲਾਲਚੀ ਲੋਕਾਂ ਵੱਲੋਂ ਮਹਿੰਗੇ ਭਾਅ ਤੇ ਨਕਲੀ ਅਤੇ ਸਰੀਰ ਲਈ ਹਾਨੀਕਾਰਕ ਹੈਂਡ ਸੈਨੇਟਾਈਜ਼ਰ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ ਹੈ। ਇਹਨਾਂ ਨਕਲੀ ਹੈਂਡ ਸੈਨੇਟਾਈਜ਼ਰ ਬਣਾਉਣ ਵਾਲਿਆਂ ਅਤੇ ਵਿਕਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਦੇਸ਼ਧ੍ਰੋਹ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕਰਕੇ ਕਾਨੂੰਨ ਅਨੁਸਾਰ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।