32 ਲੱਖ ਦੀ ਲਾਗਤ ਨਾਲ ਤਲਾਣੀਆਂ ਤੇ ਬਹਾਦਰਗੜ੍ਹ ਵਿਖੇ ਲਾਈਆਂ 152 ਐਲ.ਈ.ਡੀ. ਲਾਈਟਾਂ
ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਰਵਾਈ ਰਸਮੀ ਸ਼ੁਰੂਆਤ
ਫ਼ਤਹਿਗੜ੍ਹ ਸਾਹਿਬ 07 ਦਸੰਬਰ,ਚੰਦਰ ਪ੍ਰਕਾਸ਼ ਨਾਗਪਾਲ ਜ਼ਿਲਾ ਬਿਊਰੋ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਕਾਸ ਲਈ 400 ਕਰੋੜ ਤੋਂ ਵੱਧ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਵਿਕਾਸ ਪੱਖੋਂ ਮਿਸਾਲ ਬਣ ਕੇ ਉੱਭਰ ਰਿਹਾ ਹੈ। ਇਸੇ ਤਹਿਤ ਤਲਾਣੀਆਂ ਤੇ ਬਹਾਦਰਗੜ੍ਹ ਵਿਖੇ 32 ਲੱਖ ਦੀ ਲਾਗਤ ਨਾਲ 152 ਐਲ.ਈ.ਡੀ. ਲਾਈਟਾਂ ਲਾਈਆਂ ਗਈਆਂ ਹਨ। ਇਹ ਜਾਣਕਾਰੀ ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਤਲਾਣੀਆਂ ਵਿਖੇ ਇਨ੍ਹਾਂ ਲਾਈਟਾਂ ਦੀ ਰਸਮੀ ਸ਼ੁਰੂਆਤ ਕਰਵਾਉਣ ਮੌਕੇ ਦਿੱਤੀ।
ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ਜਦਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹ ਹਮੇਸ਼ਾਂ ਇਮਾਨਦਾਰੀ ਨਾਲ ਹਲਕੇ ਦੇ ਵਿਕਾਸ ਲਈ ਤੱਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਸਟੈਂਡ ਦਾ ਨਿਰਮਾਣ ਕੀਤਾ ਗਿਆ ਹੈ
ਉਨ੍ਹਾਂ ਦੱਸਿਆ ਕਿ 70 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਸੀਵਰੇਜ ਪਾਉਣ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ, ਜੋ ਕਿ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ। ਸੀਵਰੇਜ ਪੈਣ ਨਾਲ ਲੋਕਾਂ ਨੂੰ ਪਾਣੀ ਦੀ ਨਿਕਾਸੀ ਸਬੰਧੀ ਦਿੱਕਤਾਂ ਤੋਂ ਨਿਜਾਤ ਮਿਲੇਗੀ।