ਨਵੀਂ ਦਿੱਲੀ – ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਸੁਨਹਿਰੀ ਤਗ਼ਮਾ ਜੇਤੂ ਵੇਟਲਿਫਟਰ ਸੰਜੀਤਾ ਚਾਨੂ ਡੋਪ ਟੈਸਟ ਵਿੱਚ ਫੇਲ੍ਹ ਹੋ ਗਈ ਹੈ, ਜਿਸ ਮਗਰੋਂ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਕੌਮਾਂਤਰੀ ਵੇਟਲਿਫਟਿੰਗ ਸੰਘ (ਆਈਡਬਲਯੂਐਫ) ਨੇ ਆਪਣੀ ਵੈੱਬਸਾਈਟ ’ਤੇ ਦੱਸਿਆ ਕਿ ਸੰਜੀਤਾ ਦੇ ਨਮੂਨੇ ਵਿੱਚ ਪਾਬੰਦੀਸ਼ੁਦਾ ਪਦਾਰਥ ਐਨਾਬੌਲਿਕ ਸਟੇਰੌਇਡ ਪਾਜ਼ੀਟਿਵ ਪਾਇਆ ਗਿਆ ਹੈ। ਸੰਜੀਤਾ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾਵਾਂ ਦੇ 53 ਕਿਲੋ ਵਜ਼ਨ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਆਈਡਬਲਯੂਐਫ ਨੇ ਕਿਹਾ ਕਿ ਉਸ ਨੇ ਭਾਰਤੀ ਵੇਟਲਿਫਟਰ ਸੰਜੀਤਾ ਚਾਨੂ ਖੁਮੁਕਚਾਮ ਦੇ ਨਮੂਨੇ ਵਿੱਚ ਪਾਬੰਦੀਸ਼ੁਦਾ ਟੈਸਟੋਸਟੈਰੋਨ ਪਾਇਆ ਹੈ, ਜੋ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਕਾਰਨ ਇਹ ਖਿਡਾਰਨ ਅਸਥਾਈ ਤੌਰ ’ਤੇ ਮੁਅੱਤਲ ਰਹੇਗੀ। ਉਸ ਨੇ ਕਿਹਾ, ਜੇਕਰ ਇਹ ਸਾਬਤ ਹੁੰਦਾ ਹੈ ਕਿ ਖਿਡਾਰਨ ਨੇ ਡੋਪਿੰਗ ਰੋਕੂ ਨਿਯਮ ਦੀ ਉਲੰਘਣਾ ਨਹੀਂ ਕੀਤੀ ਤਾਂ ਇਸ ਸਬੰਧੀ ਫ਼ੈਸਲਾ ਵੀ ਜਨਤਕ ਕੀਤਾ ਜਾਵੇਗਾ। ਆਈਡਬਲਯੂਐਫ ਨੇ ਡੋਪ ਪ੍ਰੀਖਣ ਨਮੂਨਾ ਲੈਣ ਦੀ ਤਰੀਕ ਅਤੇ ਹੋਰ ਵੇਰਵੇ ਨਹੀਂ ਦੱਸੇ। ਕੌਮਾਂਤਰੀ ਸੰਸਥਾ ਨੇ ਕਿਹਾ, ‘‘ਆਈਡਬਲਯੂਐਫ ਇਸ ਮਾਮਲੇ ਦੇ ਖ਼ਤਮ ਹੋਣ ਤੱਕ ਹੋਰ ਕੋਈ ਟਿੱਪਣੀ ਨਹੀਂ ਕਰੇਗਾ।’’ ਸੰਜੀਤਾ ਨੇ ਪਿਛਲੇ ਸਾਲ ਨਵੰਬਰ ਦੌਰਾਨ ਅਨਾਹੇਮ (ਅਮਰੀਕਾ) ਵਿੱਚ ਵਿਸ਼ਵ ਚੈਂਪੀਅਨਸ਼ਿਪ ’ਚ 53 ਕਿਲੋ ਵਜ਼ਨ ਵਰਗ ਵਿੱਚ ਹਿੱਸਾ ਲਿਆ ਸੀ ਅਤੇ ਕੁੱਲ 177 ਕਿਲੋਗ੍ਰਾਮ ਭਾਰ ਚੁੱਕ ਕੇ 13ਵੇਂ ਸਥਾਨ ’ਤੇ ਰਹੀ ਸੀ। ਉਸ ਨੇ ਗੋਲਡ ਕੋਸਟ ਵਿੱਚ ਇਸੇ ਵਜ਼ਨ ਵਰਗ ਵਿੱਚ ਕੁੱਲ 192 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਗਲਾਸਗੋ (2014) ਰਾਸ਼ਟਰਮੰਡਲ ਖੇਡਾਂ ਦੌਰਾਨ 48 ਕਿਲੋ ਵਜ਼ਨ ਵਰਗ ਵਿੱਚ ਵੀ ਸੁਨਹਿਰੀ ਤਗ਼ਮਾ ਜਿੱਤਿਆ ਸੀ।
