ਹਿਮਾਚਲ ਪ੍ਰਦੇਸ਼ ਦੇ ਉੱਪਰੀ ਖੇਤਰਾਂ ’ਚ ਪਏ ਲਗਾਤਾਰ ਭਾਰੀ ਮੀਂਹ ਕਾਰਨ ਭਾਖੜਾ ਬੰਨ੍ਹ ਦੇ ਪਾਣੀ ਦੇ ਪੱਧਰ ’ਚ ਲਗਾਤਾਰ ਵਾਧਾ ਜਾਰੀ ਹੈ। ਭਾਖੜਾ ਬੰਨ੍ਹ ਦੇ ਪਾਣੀ ਦਾ ਪੱਧਰ ਮੰਗਲਵਾਰ ਸ਼ਾਮ 6 ਵਜੇ ਤੱਕ 1647.27 ਫੁੱਟ ਦਰਜ ਕੀਤਾ ਗਿਆ। ਬੁੱਧਵਾਰ ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ 66802 ਕਿਊਸਿਕ ਦਰਜ ਕੀਤੀ ਗਈ ਅਤੇ ਭਾਖੜਾ ਬੰਨ੍ਹ ਤੋਂ ਟਰਬਾਈਨਾਂ ਰਾਹੀਂ ਨੰਗਲ ਡੈਮ ਝੀਲ ਲਈ 30970 ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ ਬੰਨ੍ਹ ਦੀ ਪਾਣੀ ਦੇ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਹੁਣ ਵੀ ਕਰੀਬ 32.73 ਫੁੱਟ ਪਾਣੀ ਦੇ ਪੱਧਰ ਦੀ ਹੋਰ ਵੱਧ ਸਮਰੱਥਾ ਹੈ ਕਿਉਂਕਿ ਭਾਖੜਾ ਬੰਨ੍ਹ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ’ਤੇ ਹੈ।
ਬੁੱਧਵਾਰ ਨੰਗਲ ਹਾਈਡਲ ਨਹਿਰ ’ਚ 12350 ਕਿਊਸਿਕ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਕਿਊਸਿਕ ਪਾਣੀ ਛੱਡਣ ਤੋਂ ਇਲਾਵਾ ਨੰਗਲ ਡੈਮ ਤੋਂ 12500 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਗਿਆ, ਜਦਕਿ ਮੰਗਲਵਾਰ ਨੂੰ ਸਤਲੁਜ ਦਰਿਆ ’ਚ 7500 ਕਿਊਸਿਕ ਪਾਣੀ ਛੱਡਿਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਖੜਾ ਬੰਨ੍ਹ ’ਚ ਵਧ ਰਹੀ ਪਾਣੀ ਦੀ ਆਮਦ ਨੂੰ ਵੇਖਦੇ ਹੋਏ ਮੈਨੇਜਮੈਂਟ ਨੇ ਟਰਬਾਈਨਾਂ ਰਾਹੀਂ ਨੰਗਲ ਡੈਮ ’ਚ ਪਾਣੀ ਵਧਾਇਆ ਹੈ ਅਤੇ ਨੰਗਲ ਡੈਮ ਤੋਂ ਇਸ ਨੂੰ ਸਤਲੁਜ ਦਰਿਆ ’ਚ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ।