ਚਾਂਗਵੋਨ – ਏਸ਼ਿਆਈ ਖੇਡਾਂ ਦੇ ਚੈਂਪੀਅਨ ਭਾਰਤ ਦੇ ਸੌਰਭ ਚੌਧਰੀ ਨੇ ਕੋਰੀਆ ਦੇ ਚਾਂਗਵੋਨ ਵਿੱਚ ਚੱਲ ਰਹੀ 52ਵੀਂ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਜੂਨੀਅਰ 10 ਮੀਟਰ ਏਅਰ ਪਿਸਟਲ ਦਾ ਸੋਨ ਤਗ਼ਮਾ ਜਿੱਤਿਆ, ਜਦੋਂਕਿ ਸੀਨੀਅਰ ਨਿਸ਼ਾਨੇਬਾਜ਼ਾਂ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਫੁੰਡਿਆ। ਸੀਨੀਅਰ ਨਿਸ਼ਾਨਚੀ ਵਿਅਕਤੀਗਤ ਮੁਕਾਬਲੇ ਜਿੱਤਣ ਵਿੱਚ ਇੱਕ ਵਾਰ ਫਿਰ ਅਸਫਲ ਰਹੇ। ਸੌਰਭ ਦੇ ਨਾਲ ਅਰਜੁਨ ਸਿੰਘ ਚੀਮਾ ਨੇ ਵੀ ਕਾਂਸੀ ਦਾ ਤਗ਼ਮਾ ਜਿੱਤਿਆ, ਜਦਕਿ ਭਾਰਤੀ ਟੀਮ ਸੌਰਭ ਦੇ ਸ਼ਾਨਦਾਰ ਵਿਅਕਤੀਗਤ ਪ੍ਰਦਰਸ਼ਨ ਸਦਕਾ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ। ਇਸ ਤੋਂ ਇਲਾਵਾ ਭਾਰਤ ਨੇ ਜੂਨੀਅਰ ਪੁਰਸ਼ ਟਰੈਪ ਟੀਮ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਵਿੱਚ ਅਮਾਨ ਅਲੀ ਇਲਾਹੀ, ਵਿਵਾਨ ਕਪੂਰ ਅਤੇ ਮਾਨਵਾਦਿਤਿਆ ਸਿੰਘ ਰਾਠੌੜ ਦੀ ਤਿੱਕੜੀ ਨੇ 348 ਦਾ ਕੁੱਲ ਸਕੋਰ ਬਣਾਇਆ, ਪਰ ਉਹ ਆਸਟਰੇਲੀਆ ਤੋਂ ਪਿੱਛੇ ਰਹੀ। ਸੀਨੀਅਰ ਵਰਗ ਵਿੱਚ ਅਭਿਸ਼ੇਕ ਵਰਮਾ, ਓਮ ਪ੍ਰਕਾਸ਼ ਮਿਥਰਵਾਲ ਅਤੇ ਸ਼ਾਹਜ਼ਾਰ ਰਿਜ਼ਵੀ ਦੀ ਤਿੱਕੜੀ ਨੇ ਪੁਰਸ਼ 10 ਮੀਟਰ ਏਅਰ ਪਿਸਟਲ ਵਿੱਚ 1738 ਦੇ ਕੁੱਲ ਸਕੋਰ ਨਾਲ ਟੀਮ ਨੂੰ ਚਾਂਦੀ ਦਾ ਤਗ਼ਮਾ ਦਿਵਾਇਆ। ਪੰਜਵੇਂ ਦਿਨ ਮਗਰੋਂ ਭਾਰਤ ਦੇ ਚਾਰ ਸੋਨੇ, ਛੇ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 14 ਤਗ਼ਮੇ ਹੋ ਗਏ ਹਨ। ਭਾਰਤੀ ਟੀਮ ਕੋਰੀਆ ਅਤੇ ਰੂਸ ਮਗਰੋਂ ਤੀਜੇ ਸਥਾਨ ’ਤੇ ਚੱਲ ਰਹੀ ਹੈ।
