ਨਵੀਂ ਦਿੱਲੀ, 04 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): -ਈ. ਡੀ. ਨੇ ਰੋਜ਼ ਵੈਲੀ ਪੋਂਜ਼ੀ ਘੁਟਾਲਾ ਕੇਸ ‘ਚ ਹਵਾਲਾ ਰਾਸ਼ੀ ਦੇ ਮਾਮਲੇ ‘ਚ 3 ਫਰਮਾਂ ਨਾਲ ਸਬੰਧਿਤ 70 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ, ਇਨ੍ਹਾਂ ‘ਚੋਂ ਇਕ ਫਰਮ ਸ਼ਾਹਰੁਖ ਖ਼ਾਨ ਦੀ ਮਾਲਕਾਨਾ ਹੱਕ ਵਾਲੀ ਆਈ. ਪੀ. ਐਲ. ਕ੍ਰਿਕਟ ਟੀਮ ਨਾਲ ਸਬੰਧਿਤ ਹੈ। ਇਹ 3 ਫਰਮਾਂ ਮਲਟੀਪਲ ਰਿਜ਼ੋਰਟਸ ਪ੍ਰਾਈਵੇਟ ਲਿ., ਸੇਂਟ ਸੇਵੀਅਰਸ ਕਾਲਜ ਕੋਲਕਾਤਾ ਅਤੇ ਨਾਈਟ ਰਾਈਡਰਜ਼ ਸਪੋਰਟਸ ਪ੍ਰਾਈਵੇਟ ਲਿ. ਹਨ। ਏਜੰਸੀ ਨੇ ਇਕ ਬਿਆਨ ‘ਚ ਕਿਹਾ ਕਿ ਵੱਖ-ਵੱਖ ਇਕਾਈਆਂ ਅਤੇ ਨਿੱਜੀ ਵਿਅਕਤੀ, ਜਿਨ੍ਹਾਂ ਨੇ ਰੋਜ਼ ਵੈਲੀ ਸਮੂਹ ਅਤੇ ਸਬੰਧਤ ਇਕਾਈਆਂ ਤੋਂ ਫੰਡ ਪ੍ਰਾਪਤ ਕੀਤੇ, ਦੀ 70.11 ਕਰੋੜ ਰੁਪਏ ਮੁੱਲ ਦੀ ਚੱਲ ਅਤੇ ਅਚੱਲ ਸੰਪਤੀ ਨੂੰ ਹਵਾਲਾ ਰੋਕੂ ਕਾਨੂੰਨ ਤਹਿਤ ਜ਼ਬਤ ਕੀਤਾ ਗਿਆ ਹੈ। 3 ਫਰਮਾਂ ਦੇ 16.20 ਕਰੋੜ ਰੁਪਏ ਦੇ ਬੈਂਕ ਖ਼ਾਤੇ ਵੀ ਸੀਲ ਕੀਤੇ ਗਏ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਦੇ ਪੁਰਬਾ ਮੇਦਨੀਪੁਰ ‘ਚ ਰਾਮਨਗਰ ਅਤੇ ਮਹਿਸ਼ਦਲ ਦੀ 24 ਏਕੜ ਜ਼ਮੀਨ, ਮੁੰਬਈ ‘ਚ ਦਿਲਕਪ ਚੈਂਬਰ ‘ਚ ਇਕ ਫਲੈਟ, ਕੋਲਾਕਾਤਾ ਦੇ ਨਿਊ ਟਾਊਨ ‘ਚ ਜਿਯੋਤੀ ਬਾਸੂ ਨਗਰ ਵਿਖੇ ਇਕ ਏਕੜ ਜ਼ਮੀਨ ਤੇ ਰੋਜ਼ ਵੈਲੀ ਗਰੁੱਪ ਦਾ ਇਕ ਹੋਟਲ ਨੂੰ ਜ਼ਬਤ ਕੀਤਾ ਗਿਆ ਹੈ। ਕੋਲਕਾਤਾ ਨਾਈਟ ਰਾਈਡਰਸ ਆਈ. ਪੀ. ਐਲ. ਕ੍ਰਿਕਟ ਟੀਮ ਦੀ ਮਾਲਕ ਕੰਪਨੀ ਨਾਈਟ ਰਾਈਡਰਜ਼ ਸਪੋਰਟਸ ਪ੍ਰਾਈਵੇਟ ਲਿ. ਹੈ ਅਤੇ ਇਸ ਦੇ ਨਿਰਦੇਸ਼ਕ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ, ਅਦਾਕਾਰਾ ਜੂਹੀ ਚਾਵਲਾ ਦੇ ਪਤੀ ਜੈ ਮਹਿਤਾ ਸ਼ਾਮਿਲ ਹਨ।